ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੇਲਵੇ ਟ੍ਰੈਕ 'ਤੇ ਲਾਏ ਧਰਨੇ ਕਾਰਨ ਅੰਮ੍ਰਿਤਸਰ ਨੂੰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈੱਸ ਦਾ ਰਾਹ ਬਦਲਣਾ ਪਿਆ। ਦੱਸ ਦਈਏ ਕਿਸਾਨਾਂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ 15 ਦਿਨਾਂ ਦਾ ਅਲਟੀਮੇਟਮ ਦੇ ਕੇ ਰੇਲਾਂ ਚਲਾਉਣ ਲਈ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਪਰ ਹੁਣ ਅੰਮ੍ਰਿਤਸਰ 'ਚ ਕਿਸਾਨ ਮੁੜ ਰੇਲਵੇ ਟ੍ਰੈਕਾਂ 'ਤੇ ਬੈਠ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ ਬਿਆਸ ਤੋਂ ਵਾਇਆ ਗੋਇੰਦਵਾਲ ਤਰਨ ਤਾਰਨ ਗੋਲਡਨ ਟੈਂਪਲ ਐਕਸਪ੍ਰੈਸ ਅੰਮ੍ਰਿਤਸਰ ਰੇਲਵੇ ਸਟੇਸ਼ਨ ਪੁੱਜੀ। ਜਦੋਂਕਿ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਦੋ ਰੇਲ ਗੱਡੀਆਂ ਅੰਮ੍ਰਿਤਸਰ ਤੋਂ ਹਰਿਦੁਆਰ ਤੇ ਅੰਮ੍ਰਿਤਸਰ ਤੋਂ ਜੈਨਗਰ (ਫਲਾਇੰਗ ਐਕਸਪ੍ਰੈਸ) ਨੂੰ ਰੇਲਵੇ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਗੋਲਡਨ ਟੈਂਪਲ ਐਕਸਪ੍ਰੈਸ ਨੂੰ ਅੰਮ੍ਰਿਤਸਰ ਤੋਂ ਵਾਇਆ ਤਰਨ ਤਾਰਨ ਹੀ ਵਾਪਸ ਭੇਜਿਆ ਜਾਵੇਗਾ। ਕੁਝ ਹੋਰ ਰੇਲ ਗੱਡੀਆਂ ਇਸੇ ਰੂਟ ਰਾਹੀਂ ਅੰਮ੍ਰਿਤਸਰ ਪੁੱਜ ਸਕਦੀਆਂ ਹਨ ਤੇ ਰੇਲਵੇ ਪ੍ਰਸ਼ਾਸ਼ਨ ਅਗਲੇ ਦਿਨਾਂ 'ਚ ਇਸ ਰੂਟ ਦਾ ਇਸਤੇਮਾਲ ਕਰ ਸਕਦਾ ਹੈ।

ਹਾਲਾਂਕਿ ਕਿਸਾਨਾਂ ਨੇ ਮਾਲ ਗੱਡੀ ਤੇ ਡਾਕ ਗੱਡੀ ਦੇ ਲਈ ਟ੍ਰੈਕ ਖਾਲੀ ਕਰ ਦਿੱਤੇ ਸੀ ਤੇ ਗੱਡੀ ਲੰਘਣ ਤੋਂ ਬਾਅਦ ਕਿਸਾਨ ਮੁੜ ਟ੍ਰੈਕ 'ਤੇ ਬੈਠ ਗਏ। ਦੂਜੇ ਪਾਸੇ ਸਵੇਰੇ ਤੜਕਸਾਰ ਅੱਜ ਕਿਸਾਨਾਂ ਨੂੰ ਜਿਵੇਂ ਹੀ ਭਿਣਕ ਲੱਗੀ ਕਿ ਅੰਮ੍ਰਿਤਸਰ ਲਈ ਗੋਲਡਨ ਟੈਂਪਲ ਐਕਸਪ੍ਰੈਸ ਆ ਰਹੀ ਹੈ ਤਾਂ ਕਿਸਾਨਾਂ ਨੇ ਸਵੇਰੇ ਕਰੀਬ 4 ਵਜੇ ਰੇਲਵੇ ਟ੍ਰੈਕ 'ਤੇ ਧਰਨਾ ਲਾ ਦਿੱਤਾ।

ਦਿੱਲੀ ਕੂਚ ਬਾਰੇ 500 ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ

ਇਸ ਮਗਰੋਂ ਜ਼ਿਲ੍ਹੇ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਾਹੀਆ ਸਵੇਰੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੂੰ ਗੋਲਡਨ ਟੈਪਲ ਐਕਸਪ੍ਰੈਸ ਨੂੰ ਲੰਘਣ ਦੀ ਗੁਜਾਰਿਸ਼ ਕੀਤੀ ਪਰ ਕਿਸਾਨ ਨਹੀਂ ਮੰਨੇ ਤੇ ਉਨ੍ਹਾਂ ਵੱਲੋਂ ਪ੍ਰਸਾਸ਼ਨ ਨੂੰ ਦੋ ਟੁੱਕ ਜਵਾਬ ਦਿੱਤਾ ਗਿਆ।

ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਸਾਡੀ ਜਥੇਬੰਦੀ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਜਾਣ ਦਿੱਤਾ ਜਾਵੇਗਾ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਨਾਲ ਸਹਿਮਤ ਹੋ ਕੇ ਚੱਲ ਰਹੀ ਹੈ ਤੇ ਕਿਸਾਨਾਂ 'ਤੇ ਦਬਾ ਪਾਇਆ ਜਾ ਰਿਹਾ ਹੈ। ਪੰਧੇਰ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਰਾਤ ਭਾਰੀ ਫੋਰਸ ਲਾ ਕੇ ਬੈਰੀਕੇਡਿੰਗ ਕਰਕੇ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਡਟੇ ਰਹਿਣਗੇ। ਪੰਧੇਰ ਨੇ ਕਿਹਾ ਕਿ ਜੇਕਰ ਯਾਤਰੀ ਗੱਡੀਆਂ ਚਲਾਉਣੀਆਂ ਹਨ ਤਾਂ ਫੇਰ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904