ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲੇ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਲੀਡਰ ਮਨਜੀਤ ਸਿੰਘ ਰਾਏ ਤੇ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਚੋਣਾਂ ਲੜਨਾ ਮਕਸਦ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲੜਨਾ ਗੁਰਨਾਮ ਸਿੰਘ ਚੜੂਨੀ ਦਾ ਨਿੱਜੀ ਫੈਸਲਾ ਹੈ ਮੋਰਚੇ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ।
ਦੱਸ ਦਈਏ ਕਿ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਚੜੂਨੀ ਆਜ਼ਾਦ ਹਨ। ਉਹ ਐਸੇ ਫੈਸਲੇ ਲੈ ਸਕਦੇ ਹਨ ਪਰ ਸੰਯੁਕਤ ਕਿਸਾਨ ਮੋਰਚੇ ਨਾਲੋਂ ਵੱਖ ਹੋ ਕੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਹੀ ਮਕਸਦ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨਾ ਤੇ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਮਕਸਦ ਰਾਜਨੀਤੀ ਦੇ ਮੈਦਾਨ ਵਿੱਚ ਉੱਤਰ ਕੇ ਚੋਣਾਂ ਲੜਨਾ ਨਹੀਂ ਹੈ।
ਅੱਜ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕਾ ਦੇ ਪਿੰਡ ਕੋਟ ਖਾਨ ਮੁਹੰਮਦ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੱਤ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ-ਮਜ਼ਦੂਰ ਮਹਾਂ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਸਿਰਸਾ, ਬਲਵਿੰਦਰ ਸਿੰਘ ਰਾਜੂ ਔਲਖ ਸਮੇਤ ਦੂਸਰੇ ਕਿਸਾਨ ਲੀਡਰ ਸ਼ਾਮਲ ਹੋਏ। ਇਸ ਮੌਕੇ ਬੇਟ ਇਲਾਕੇ ਦੇ ਪਿੰਡਾਂ ਵਿੱਚੋਂ ਹਜਾਰਾਂ ਦੀ ਤਦਾਤ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਲੀਡਰ ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਸਿਰਸਾ, ਡਾਕਟਰ ਸਵਾਈ ਮਾਨ ਸਿੰਘ ਤੇ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਬੇਟ ਇਲਾਕੇ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਪਹਿਲਾ ਕਿਸਾਨ ਮਜ਼ਦੂਰ ਮਹਾ ਸੰਮੇਲਨ ਬੇਟ ਇਲਾਕੇ ਵਿੱਚ ਕਰਵਾਇਆ ਗਿਆ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਮਹਾ ਕਿਸਾਨ ਸੰਮੇਲਨਾਂ ਜਰੀਏ ਲੋਕਾਂ ਨੂੰ 29 ਨਵੰਬਰ ਤੋਂ ਕੀਤੇ ਜਾਣ ਵਾਲੇ ਸੰਸਦ ਮਾਰਚ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ 29 ਨਵੰਬਰ ਤੋਂ ਰੋਜ਼ਾਨਾ 500 ਕਿਸਾਨਾਂ ਦਾ ਜਥਾ ਟਰੈਕਟਰਾਂ ਉਤੇ ਸਵਾਰ ਹੋ ਕੇ ਜਾਇਆ ਕਰੇਗਾ। ਅਗਰ ਕੇਂਦਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿੱਥੇ ਵੀ ਰੋਕਿਆ ਜਾਵੇਗਾ, ਕਿਸਾਨ ਉੱਥੇ ਹੀ ਬੈਠ ਜਾਣਗੇ ਤੇ ਅਗਰ ਜੇਲ੍ਹਾਂ ਵਿੱਚ ਡੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੇਲ੍ਹਾਂ ਵਿੱਚ ਜਾਣ ਤੋਂ ਵੀ ਪਿੱਛੇ ਨਹੀਂ ਹਟਾਂਗਾ।
ਗੁਰਨਾਮ ਚੜੂਨੀ ਦੇ ਫੈਸਲੇ ਤੋਂ ਸੰਯੁਕਤ ਕਿਸਾਨ ਮੋਰਚਾ ਵੱਖ, ਕਿਸਾਨ ਜਥੰਬਦੀਆਂ ਨਹੀਂ ਲੜਨਗੀਆਂ ਚੋਣਾਂ
abp sanjha
Updated at:
10 Nov 2021 04:02 PM (IST)
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲੇ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ।
ਗੁਰਨਾਮ ਚੜੂਨੀ
NEXT
PREV
Published at:
10 Nov 2021 04:02 PM (IST)
- - - - - - - - - Advertisement - - - - - - - - -