ਕੋਟਕਪੂਰਾ : ਕੋਟਕਪੂਰਾ ਸ਼ਹਿਰ 'ਚੋਂ ਇੱਕ ਨਾਬਾਲਗ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਪ੍ਰੰਤੂ ਕੋਟਕਪੂਰਾ ਪੁਲਿਸ ਨੇ ਇੰਸ.ਸੰਜੀਵ ਕੁਮਾਰ ਦੀ ਅਗਵਾਈ ਹੇਠ ਅਤੀ ਆਧੁਨਿਕ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਇੱਕ ਘੰਟੇ ਵਿੱਚ ਹੀ ਅਗਵਾਹ ਦੀ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ 16 ਸਾਲਾ ਨਾਬਾਲਗ ਬੱਚਾ ਰਾਮਾ ਮੰਡੀ ਤੋਂ ਆਪਣੀ ਦਾਦੀ ਨਾਲ ਕੋਟਕਪੂਰਾ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਦੁਪਹਿਰ 3:30 ਵਜੇ ਦੇ ਕਰੀਬ ਉਹ ਇੱਕ ਸਕੂਲ ਵਿੱਚ ਚੱਲ ਰਿਹਾ ਮੈਚ ਵੇਖਣ ਲਈ ਰੁੱਕ ਗਿਆ ਅਤੇ ਦਾਦੀ ਨੂੰ ਘਰ ਭੇਜ ਦਿੱਤਾ।
ਜਦੋਂ ਦੇਰ ਸ਼ਾਮ ਤੱਕ ਉਹ ਘਰ ਨਾ ਪੁੱਜਿਆ ਪ੍ਰੰਤੂ ਘਰ ਦੇ ਇੱਕ ਮੈਂਬਰ ਦੇ ਮੋਬਾਇਲ 'ਤੇ ਉਸ ਬੱਚੇ ਦੇ ਮੋਬਾਇਲ ਤੋਂ ਇੱਕ ਵੱਟਸਐਪ ਮੈਸੇਜ਼ ਆਇਆ ਕਿ ਤੁਹਾਡੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ 40 ਹਜਾਰ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪੈਸਾ ਨਾ ਦਿੱਤਾ ਗਿਆ ਜਾਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਤੁਹਾਨੂੰ ਮੁੰਡੇ ਦੀ ਲਾਸ਼ ਹੀ ਮਿਲੇਗੀ। ਇਸ ਦੌਰਾਨ ਇੱਕ ਵੀਡੀਓ ਕਲਿੱਪ ਵੀ ਭੇਜਿਆ ਗਿਆ, ਜਿਸ ਵਿੱਚ ਬੱਚਾ ਫਰਸ਼ 'ਤੇ ਬੇਹੋਸ਼ ਪਿਆ ਵਿਖਾਈ ਦੇ ਰਿਹਾ ਸੀ। ਲੜਕੇ ਦੇ ਪਿਤਾ ਵੱਲੋਂ ਸੂਚਨਾ ਤੁਰੰਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ।
ਜਿਸ 'ਤੇ ਏ.ਐਸ.ਆਈ. ਚਮਕੌਰ ਸਿੰਘ ਵੱਲੋਂ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ.ਐਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਇੰਸ.ਸੰਜੀਵ ਕੁਮਾਰ ਐਸ.ਐਚ.ਓ. ਥਾਣਾ ਸਿਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਅਤੇ ਮੁਬਾਇਲ ਦੀ ਲੋਕੇਸ਼ਨ 'ਤੇ ਹੋਰ ਵੱਖ-ਵੱਖ ਤਕਨੀਕੀ ਢੰਗਾਂ ਦੀ ਵਰਤੋਂ ਕਰਦੇ ਹੋਏ ਇੱਕ ਘੰਟੇ ਵਿੱਚ ਹੀ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਬਰਾਮਦ ਕਰ ਲਿਆ।
ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਜਦ ਅਗਵਾ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਇਸਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਕਿਸੇ ਕਿਸਮ ਦਾ ਖਤਰਾ ਉਠਾਏ ਬਿਨਾਂ ਕਾਰਵਾਈ ਸ਼ੁਰੂ ਕਰ ਦਿੱਤੀ। ਅਗਵਾ ਦੀ ਇਸ ਕਹਾਣੀ ਬਾਰੇ ਇੰਸ.ਸੰਜੀਵ ਕੁਮਾਰ ਦੀ ਮੌਜੂਦਗੀ ਵਿੱਚ ਡੀ.ਐਸ.ਪੀ. ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਸਕੂਲ ਵਿੱਚ ਹੋਣ ਵਾਲੀ ਪੈਰੇਂਟਸ ਮੀਟਿੰਗ ਬਾਰੇ ਨਾਂ ਦੱਸਣ 'ਤੇ ਜਦ ਬੱਚੇ ਦੇ ਪਿਤਾ ਵੱਲੋਂ ਉਸਨੂੰ ਝਿੱੜਕਿਆ ਗਿਆ ਤਾਂ ਉਹ ਡਰਦਾ ਹੋਇਆ ਬੱਸ 'ਤੇ ਬੈਠ ਕੇ ਫਰੀਦਕੋਟ ਚਲਾ ਗਿਆ।
ਜਿੱਥੇ ਉਸਦੇ ਦਿਮਾਗ ਵਿੱਚ ਮਾਪਿਆਂ ਦੀ ਝਿੱੜਕਾਂ ਜਾਂ ਕੁੱਟਮਾਰ ਤੋਂ ਬਚਣ ਦੀ ਤਰਕੀਬ ਆਈ ਅਤੇ ਉਸਨੇ ਹੀ ਪਹਿਲਾਂ ਆਪਣਾ ਮੋਬਾਇਲ ਬੰਦ ਕਰ ਲਿਆ ਅਤੇ ਬਾਅਦ ਵਿੱਚ ਆਪਣੇ ਮੋਬਾਇਲ ਤੋਂ ਹੀ ਅਗਵਾਹ ਸਬੰਧੀ ਸਾਰੇ ਇਹ ਮੈਸੇਜ ਭੇਜੇ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਹੀ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਮਾਪਿਆਂ ਨੇ ਜਿੱਥੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ,ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੇ ਨੂੰ ਬਰਾਮਦ ਕਰਨ ਲਈ ਪੁਲਿਸ ਦਾ ਧੰਨਵਾਦ ਵੀ ਕੀਤਾ।