ਹੁਣ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਾੜ੍ਹੀ ਦੀ ਫ਼ਸਲ ਕਣਕ ਦੀ ਵਾਢੀ ਦਰਮਿਆਨ ‘ਕ੍ਰਿਸ਼ੀ ਰੱਥ’ ਨਾਂ ਦਾ ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਕਿਸਾਨ ਲੌਕਡਾਊਨ ਦਰਮਿਆਨ ਆਪਣੀ ਜਿਣਸ ਮੰਡੀਆਂ ਤਕ ਲਿਆਉਣ ਲਈ ਭਾੜੇ ’ਤੇ ਟਰੱਕ ਆਦਿ ਜਿਹੀਆਂ ਸਹੂਲਤਾਂ ਦਾ ਲਾਹਾ ਲੈ ਸਕਣਗੇ। ਐਪ ਡਾਊਨਲੋਡ ਕਰਨ ਮਗਰੋਂ ਕਿਸਾਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਕਿੰਨੀ ਮਿਕਦਾਰ ਵਿੱਚ ਆਪਣੀ ਜਿਣਸ ਮੰਡੀਆਂ ਵਿੱਚ ਲਿਜਾਣਾ ਚਾਹੁੰਦੇ ਹਨ।
ਇਸ ਮਗਰੋਂ ਉਨ੍ਹਾਂ ਨੂੰ ਟਰੱਕ ਦੀ ਉਪਲੱਬਧਤਾ ਤੇ ਜਿਣਸ ਦੇ ਦੱਸੇ ਵਜ਼ਨ ਮੁਤਾਬਕ ਕਿਰਾਏ ਦੀ ਤਫ਼ਸੀਲ ਭੇਜੀ ਜਾਵੇਗੀ। ਕਿਸਾਨ ਵੱਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਐਪ ’ਤੇ ਸਬੰਧਤ ਟਰਾਂਸਪੋਰਟਰ ਦੀ ਡਿਟੇਲ ਆ ਜਾਵੇਗੀ। ਇਸ ਮਗਰੋਂ ਕਿਸਾਨ ਉਸ ਟਰਾਂਸਪੋਰਟਰ ਨਾਲ ਗੱਲਬਾਤ ਕਰਕੇ ਕਿਰਾਇਆ ਭਾੜਾ ਤੈਅ ਕਰੇਗਾ। ਖੇਤੀ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਐਪ ਦਾ ਮੁੱਖ ਮੰਤਵ ਮੰਡੀਆਂ ਵਿੱਚ ਜਿਣਸ ਲਿਆਉਣ ਮੌਕੇ ਕਿਸਾਨਾਂ ਨੂੰ ਦਰਪੇਸ਼ ਟਰਾਂਸਪੋਰਟੇਸ਼ਨ ਨਾਲ ਸਬੰਧਤ ਮੁਸ਼ਕਲਾਂ ਨੂੰ ਘਟਾਉਣਾ ਹੈ।
ਮੰਤਰਾਲੇ ਨੇ ਕਿਹਾ ਕਿ ਕਿਸਾਨ, ਐਪ ਵਿੱਚ ਜਿਣਸ ਦਾ ਜਿਹੜਾ ਵਜ਼ਨ ਪੋਸਟ ਕਰਨਗੇ, ਉਹ ਕਣਕ ਖਰੀਦਣ ਵਾਲੇ ਵਪਾਰੀ ਤੇ ਟਰਾਂਸਪੋਰਟਰ ਦੋਵੇਂ ਵੇਖ ਸਕਣਗੇ। ਇਸ ਤਰ੍ਹਾਂ ਵਪਾਰੀਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਹੋ ਰਹੇ ਜਿਣਸ ਉਤਪਾਦਨ ਦਾ ਪਤਾ ਲੱਗੇਗਾ ਤੇ ਉਹ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰ ਸਕਣਗੇ।
ਇਸ ਐਪ ਵਿੱਚ ਹੁਣ ਤਕ 5.7 ਲੱਖ ਤੋਂ ਵੱਧ ਟਰੱਕ ਸੂਚੀਬੰਦ ਹੋ ਚੁੱਕੇ ਹਨ ਤੇ ਜਲਦੀ ਹੀ ਵੱਡੀ ਗਿਣਤੀ ਹੋਰ ਟਰਾਂਸਪੋਰਟਰ ਜੁੜਨਗੇ। ਮੌਜੂਦਾ ਸਮੇਂ ਕਸਟਮ ਹਾਇਰਿੰਗ ਸੈਂਟਰਾਂ (ਸੀਐਚਸੀ’ਜ਼) ਵੱਲੋਂ ਜਿਣਸ ਮੰਡੀਆਂ ਤਕ ਲਿਜਾਣ ਲਈ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਟਰੈਕਟਰਾਂ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਇਸ ਵੇਲੇ ਦੇਸ਼ ਵਿੱਚ 14000 ਤੋਂ ਵੱਧ ਸੀਐਚਸੀ ਹਨ, ਤੇ ਇਨ੍ਹਾਂ ਕੋਲ ਕੁੱਲ ਮਿਲਾ ਕੇ 20 ਹਜ਼ਾਰ ਤੋਂ ਵੱਧ ਟਰੈਕਟਰ ਹਨ।