Lady Constable Amandeep Kaur Arrest With Drugs: ਨਸ਼ਾ ਤਸਕਰਾਂ ਦੇ ਘਰਾਂ ਉਪਰ ਬੁਲਡੋਜ਼ਰ ਚਲਾ ਰਹੀ ਪੰਜਾਬ ਪੁਲਿਸ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੁਣ ਪੰਜਾਬ ਪੁਲਿਸ ਦੀ ਲੇਡੀ ਕੰਸਟੇਬਲ ਅਮਨਦੀਪ ਕੌਰ ਡਰੱਗਜ਼ ਨਾਲ ਫੜੀ ਗਈ ਹੈ। ਪੁਲਿਸ ਵਿਭਾਗ ਵੱਲੋਂ ਕੰਸਟੇਬਲ ਅਮਨਦੀਪ ਕੌਰ ਨੂੰ ਨੌਕਰੀਓਂ ਬਰਖਾਸਤ ਤਾਂ ਕਰ ਦਿੱਤਾ ਗਿਆ ਹੈ ਪਰ ਸਵਾਲ ਉੱਠ ਰਹੇ ਹਨ ਕਿ ਹੁਣ ਉਸ ਦੇ ਘਰ ਉਪਰ ਵੀ ਬੁਲਡੋਜ਼ਰ ਚੱਲੇਗਾ।
ਦਰਅਸਲ ਇਹ ਸਵਾਲ ਪੁਲਿਸ ਅਧਿਕਾਰੀਆਂ ਨੂੰ ਕੀਤਾ ਤਾਂ ਜਵਾਬ ਮਿਲਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੰਸਟੇਬਲ ਅਮਨਦੀਪ ਕੌਰ ਨੇ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਹੈ ਤਾਂ ਉਸ ਖਿਲਾਫ ਵੀ ਉਸੇ ਤਰ੍ਹਾਂ ਕਾਰਵਾਈ ਹੋਏਗੀ ਜਿਵੇਂ ਦੂਜਿਆਂ ਨਸ਼ਾ ਤਸਕਰਾਂ ਖਿਲਾਫ ਹੋ ਰਹੀ ਹੈ। ਲੇਡੀ ਕਾਂਸਟੇਬਲ ਅਮਨਦੀਪ ਕੌਰ ਨੇ ਬਠਿੰਡਾ ਵਿੱਚ ਇੱਕ ਆਲੀਸ਼ਾਨ ਹਵੇਲੀ ਬਣਾਈ ਹੋਈ ਹੈ। ਉਸ ਕੋਲ ਮਹਿੰਗੀਆਂ ਕਾਰਾਂ ਤੇ ਪਲਾਟ ਵੀ ਹਨ।
ਇਸ ਦੇ ਨਾਲ ਹੀ ਉਹ ਮਹਿੰਗੇ ਵਿਦੇਸ਼ੀ ਬ੍ਰਾਂਡਾਂ ਦੀ ਵੀ ਸ਼ੌਕੀਨ ਹੈ। ਉਹ ਆਪਣੀ ਇੰਸਟਾ ਰੀਲ 'ਤੇ ਇਨ੍ਹਾਂ ਬ੍ਰਾਂਡਾਂ ਨੂੰ ਦਿਖਾਉਂਦੀ ਵੀ ਦਿਖਾਈ ਦੇ ਰਹੀ ਹੈ। ਇਸ ਵਿੱਚ ਉਸ ਦੇ ਹੱਥ ਵਿੱਚ ਰਾਡੋ ਤੇ ਰੋਲੈਕਸ ਵਰਗੀਆਂ ਘੜੀਆਂ ਦਿਖਾਈ ਦੇ ਰਹੀਆਂ ਹਨ। ਉਹ ਪਾਕਿਸਤਾਨੀ ਸੂਟਾਂ ਦੀ ਵੀ ਸ਼ੌਕੀਨ ਹੈ। ਉਸ ਕੋਲ ਗੁਚੀ ਵਰਗੇ ਬ੍ਰਾਂਡਾਂ ਦੇ ਪ੍ਰੋਡਕਟ ਵੀ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੇਡੀ ਕੰਸਟੇਬਲ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇਗੀ। ਉਸ ਖਿਲਾਫ ਧਾਰਾ 311 ਤਹਿਤ ਕਾਰਵਾਈ ਕੀਤੀ ਗਈ ਹੈ। ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਜਾਇਦਾਦਾਂ ਗੈਰ-ਕਾਨੂੰਨੀ ਪਾਈਆਂ ਜਾਂਦੀਆਂ ਹਨ, ਤਾਂ ਹੋਰਾਂ ਨਸ਼ਾ ਤਸਕਰਾਂ ਵਾਂਗ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਹੋਰ ਜਾਂਚ ਕਰਨ ਦੀ ਜ਼ਿੰਮੇਵਾਰੀ ਐਸਐਸਪੀ ਬਠਿੰਡਾ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਮਹਿਲਾ ਕਾਂਸਟੇਬਲ ਦੇ ਸਾਰੇ ਲਿੰਕ ਲੱਭਣ ਤੇ ਉਸ ਵਿਰੁੱਧ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਦੱਸ ਦਈਏ ਕਿ ਬਠਿੰਡਾ ਤੋਂ ਗ੍ਰਿਫ਼ਤਾਰ ਕੀਤੀ ਗਈ ਇੰਸਟਾ ਕੁਈਨ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਮਾਤਾ-ਪਿਤਾ ਭੁੱਚੋ ਮੰਡੀ ਵਿੱਚ ਰਹਿੰਦੇ ਹਨ ਤੇ ਉਸ ਦਾ ਇੱਕ ਭਰਾ ਹੈ। ਅਮਨਦੀਪ ਕੌਰ ਦਾ ਵਿਆਹ 2015 ਵਿੱਚ ਬਠਿੰਡਾ ਦੀ ਅਮਰਪੁਰਾ ਬਸਤੀ ਵਿੱਚ ਹੋਇਆ ਸੀ। ਇਸ ਵੇਲੇ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਸੋਸ਼ਲ ਮੀਡੀਆ 'ਤੇ ਲਾਈਵ ਹੋਈ ਇੱਕ ਔਰਤ ਗੁਰਮੀਤ ਕੌਰ ਨੇ ਅਮਨਦੀਪ 'ਤੇ ਦੋਸ਼ ਲਗਾਇਆ ਹੈ ਕਿ ਉਹ 2022 ਤੋਂ ਉਸ ਦੇ ਪਤੀ ਬਲਵਿੰਦਰ ਸਿੰਘ ਨਾਲ ਰਿਸ਼ਤੇ ਵਿੱਚ ਹੈ। ਉਸ ਨੇ ਕਿਹਾ ਕਿ ਵਿਆਹ ਤੋਂ ਬਾਅਦ, ਅਮਨਦੀਪ ਨੂੰ ਉਸ ਦੇ ਪਤੀ ਨੇ ਕਿਸੇ ਐਸਐਚਓ ਨਾਲ ਫੜ ਲਿਆ ਸੀ ਜਿਸ ਤੋਂ ਬਾਅਦ ਉਹ ਆਪਣਾ ਸਹੁਰਾ ਘਰ ਛੱਡ ਗਈ। ਉਸ ਨੇ ਆਪਣੇ ਪਤੀ ਵਿਰੁੱਧ ਵੀ ਕੇਸ ਦਰਜ ਕਰਵਾਇਆ ਸੀ।