ਚੰਡੀਗੜ੍ਹ: ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਤੋਂ ਨੌਜਵਾਨਾਂ ਦੇ ਕਾਫ਼ਲੇ ਨਾਲ ਲੱਖਾ ਸਿਧਾਣਾ ਵੀ ਦਿੱਲੀ ਲਈ ਰਵਾਨਾ ਹੋ ਗਿਆ ਹੈ। ਲੱਖਾ ਪੱਗ ਬੰਨ੍ਹ ਕੇ ਕਾਫ਼ਲੇ ਵਿੱਚ ਸ਼ਾਮਲ ਹੋਇਆ। 10 ਅਪਰੈਲ ਨੂੰ ਦਿੱਲੀ ਦੇ ਕੇਐਮਪੀ ਰੋਡ ਨੂੰ ਬੰਦ ਕਰਨ ਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ। ਲੱਖੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੱਲ੍ਹ ਕੇਐਮਪੀ ਰੋਡ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ।



ਕੁੰਡਲੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਸਰਕਾਰ 'ਤੇ ਦਬਾਅ ਬਣਾਉਣ ਲਈ ਕੇਐਮਪੀ ਐਕਸਪ੍ਰੈਸ ਵੇਅ ਨੂੰ ਜਾਮ ਕਰਨ ਦੀ ਰਣਨੀਤੀ ਬਣਾਈ ਹੈ। ਕੇਐਮਪੀ 10 ਅਪ੍ਰੈਲ ਨੂੰ 24 ਘੰਟਿਆਂ ਲਈ ਜਾਮ ਰਹੇਗੀ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਵਿੱਚ ਪਹੁੰਚਣ ਦੀ ਕਾਲ ਦਿੱਤੀ ਗਈ ਹੈ।

ਬੁੱਧਵਾਰ ਨੂੰ ਲੱਖਾ ਸਿਧਾਣਾ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਸੀ। ਲੱਖੇ ਨੇ ਲਾਈਵ ਹੋ ਕੇ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 10 ਅਪਰੈਲ ਨੂੰ ਕੇਐਮਪੀ ਰੋਡ ਦਿੱਲੀ ਨੂੰ ਬੰਦ ਕਰਨ ਲਈ ਵੱਧ ਤੋਂ ਵੱਧ ਲੋਕ ਪਹੁੰਚਣ। ਉਸ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ 9 ਅਪਰੈਲ ਨੂੰ ਹੀ ਮਸਤੂਆਣਾ ਤੋਂ ਦਿੱਲੀ ਪਹੁੰਚ ਜਾਏਗਾ।

ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ, "ਕਿਸਾਨ ਮੋਰਚੇ ਦੀ ਜਿੱਤ ਪੱਕਾ ਹੋਏਗੀ। ਸਰਕਾਰ ਤਾਨਾਸ਼ਾਹ ਰਵਈਆ ਅਪਨਾ ਰਹੀ ਹੈ।ਮੇਰੇ ਭਰਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਪਰ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। ਸਰਕਾਰ ਮੇਰੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ 'ਚ ਹੈ। ਮੈਂ ਪਿੱਛੇ ਹੱਟਣ ਵਾਲਾ ਨਹੀਂ ਹਾਂ, ਮੈਂ ਹੁਣ ਦਿੱਲੀ ਹੀ ਰਹਾਂਗਾ। ਇਕਜੁਟਤਾ ਨਾਲ ਹੀ ਮੋਰਚਾ ਫਤਹਿ ਹੋਵੇਗਾ।" ਉਸ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਹਮਲਾ ਬੋਲਦੇ ਹੋਏ ਕਿਹਾ ਕਿ, "ਪੰਜਾਬ ਦੀ ਕੋਈ ਵੀ ਸਿਆਸੀ ਧਿਰ ਕਿਸਾਨਾਂ ਨਾਲ ਨਹੀਂ ਹੈ।"

ਲੱਖਾ ਸਿਧਾਣਾ ਬੁੱਧਵਾਰ ਰਾਤ ਲਾਇਵ ਹੋ ਕੇ ਕਿਹਾ ਸੀ, "ਖੇਤੀ ਕਾਨੂੰਨ ਸਭ ਲਈ ਨੁਕਸਾਨਦੇਹ ਹਨ। ਇਸ ਲਈ ਹਰ ਛੋਟੇ ਕਾਰੋਬਾਰੀ ਨੂੰ 10 ਅਪ੍ਰੈਲ ਨੂੰ ਬਿਨਾਂ ਸੋਚੇ ਸਮਝੇ ਕੇਐਮਪੀ ਰੋਡ ਦਿੱਲੀ ਪਹੁੰਚਣਾ ਚਾਹੀਦਾ ਹੈ, ਤਾਂ ਜੋ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ। ਲੱਖਾ ਨੇ ਕਿਹਾ ਕਿ ਜੇਕਰ ਸਰਕਾਰ ‘ਤੇ ਕੋਈ ਦਬਾਅ ਨਹੀਂ ਹੁੰਦਾ ਤਾਂ ਕਿਸਾਨਾਂ ਅਤੇ ਆਮ ਲੋਕਾਂ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇ ਸਰਕਾਰ ਤੋਂ ਕੋਈ ਮੰਗ ਮਨਵਾਉਣੀ ਹੈ, ਤਾਂ ਇਸ ਲਈ ਦਬਾਅ ਬਣਾਉਣਾ ਜ਼ਰੂਰੀ ਹੈ।"

ਦੱਸ ਦੇਈਏ ਕਿ ਲੱਖਾ ਸਿਧਾਣਾ ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਇਨਾਮ ਰੱਖਿਆ ਹੋਇਆ ਹੈ। ਹੁਣ ਪੰਜਾਬ ਤੋਂ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਵੱਡਾ ਚੈਲੇਂਜ ਵੀ ਦੇ ਦਿੱਤਾ ਹੈ।ਹੁਣ ਵੇਖਣਾ ਇਹ ਹੋਏਗਾ ਕਿ ਕੀ ਦਿੱਲੀ ਪੁਲਿਸ ਲੱਖਾ ਨੂੰ ਗ੍ਰਿਫ਼ਤਾਰ ਕਰ ਪਾਉਂਦੀ ਹੈ ਜਾਂ ਨਹੀਂ।