Punjab News: ਪੰਜਾਬ ਦਾ ਮੋਸਟ ਵਾਂਟੇਡ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਹਰੀਕੇ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਬੰਬ ਧਮਾਕੇ ਕਰਵਾ ਰਿਹਾ ਹੈ। ਵਿਦੇਸ਼ 'ਚ ਬੈਠ ਕੇ ਉਸ ਨੇ ਪਹਿਲਾਂ ਮੋਹਾਲੀ 'ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਅਤੇ ਫਿਰ ਤਰਨਤਾਰਨ 'ਚ ਪੁਲਿਸ ਸਟੇਸ਼ਨ 'ਤੇ ਆਰਪੀਜੀ ਹਮਲਾ ਕੀਤਾ। ਵਧਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ NIA ਨੇ ਉਸ 'ਤੇ 15 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।
ਜ਼ਿਕਰ ਕਰ ਦਈਏ ਕਿ ਲਖਬੀਰ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਦੋਂ ਤੋਂ ਪੰਜਾਬ ਅਤੇ ਦੇਸ਼ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪਹਿਲਾਂ ਉਸ ਦਾ ਨਾਂ ਸਿਰਫ਼ ਗੈਂਗਸਟਰ ਗਤੀਵਿਧੀਆਂ ਵਿਚ ਆਉਂਦਾ ਸੀ ਪਰ ਪਿਛਲੇ ਸਾਲ 2022 ਵਿੱਚ ਪੰਜਾਬ ਵਿਚ ਹੋਏ ਦੋ ਵੱਡੇ ਹਮਲਿਆਂ ਤੋਂ ਬਾਅਦ ਉਸ ਨੂੰ ਅੱਤਵਾਦੀਆਂ ਦੀ ਸ਼੍ਰੇਣੀ ਵਿਚ ਪਾ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਲਖਬੀਰ ਲੰਡਾ ਦੀ ਇੱਕ ਆਡੀਓ ਟੇਪ ਵਾਇਰਲ ਹੋਈ ਸੀ। ਉਸ ਨੇ ਇਹ ਕਾਲ ਤਰਨਤਾਰਨ ਦੇ ਇੱਕ ਪੁਲਿਸ ਅਧਿਕਾਰੀ ਨੂੰ ਕੀਤੀ ਸੀ ਅਤੇ ਇਸ ਵਿੱਚ ਉਹ ਪੰਜਾਬ ਪੁਲਿਸ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਹੀ ਪੰਜਾਬ ਦੇ ਮੋਸਟ ਵਾਂਟੇਡ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ 'ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਲਖਬੀਰ ਸਿੰਘ 'ਤੇ ਪੰਜਾਬ 'ਚ ਦਹਿਸ਼ਤ ਫੈਲਾਉਣ ਦਾ ਦੋਸ਼ ਹੈ। ਉਹ 2017 ਵਿੱਚ ਵਿਦੇਸ਼ ਭੱਜ ਗਿਆ ਸੀ। ਉਦੋਂ ਤੋਂ NIA ਉਸ ਦੀ ਭਾਲ ਕਰ ਰਹੀ ਹੈ। ਲਖਬੀਰ ਸਿੰਘ ਪੰਜਾਬ ਵਿੱਚ ਕਈ ਅੱਤਵਾਦੀ ਘਟਨਾਵਾਂ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਵਿੱਚ ਵੀ ਸ਼ਾਮਲ ਰਿਹਾ ਹੈ।
ਪੰਜਾਬ ਪੁਲਿਸ ਅਨੁਸਾਰ 33 ਸਾਲਾ ਲਖਬੀਰ ਸਿੰਘ ਉਰਫ਼ ਲੰਡਾ ਇੱਕ ਗੈਂਗਸਟਰ ਹੈ, ਜੋ ਮੂਲ ਰੂਪ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਦਾ ਰਹਿਣ ਵਾਲਾ ਹੈ। ਲਖਬੀਰ ਸਿੰਘ ਇਸ ਸਮੇਂ ਐਡਮਿੰਟਨ, ਅਲਬਰਟਾ, ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਨਸ਼ਾ ਤਸਕਰੀ, ਅਗਵਾ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।