Patiala News: ਪੰਜਾਬ ਦੇ ਮੰਤਰੀ ਆਪਣੇ ਕੰਮਾਂ ਕਰਕੇ ਚਰਚਾ ਵਿੱਚ ਹਨ। ਅਕਸਰ ਹੀ ਮੰਤਰੀ ਚੁੱਪ-ਚੁਪੀਤੇ ਦਫਤਰਾਂ ਵਿੱਚ ਪਹੁੰਚ ਜਾਂਦੇ ਹਨ ਤੇ ਲੋਕਾਂ ਕੋਲੋਂ ਕੰਮਕਾਜ ਦੀ ਫੀਡਬੈਕ ਲੈਂਦੇ ਹਨ। ਲੋਕਾਂ ਨੂੰ ਮੰਤਰੀਆਂ ਦਾ ਇਹ ਰਵੱਈਆ ਕਾਫੀ ਪਸੰਦ ਆ ਰਿਹਾ ਹੈ। ਦੂਜੇ ਪਾਸੇ ਦਫਤਰਾਂ ਵਿੱਚ ਸਰਕਾਰੀ ਮੁਲਾਜ਼ਮ ਵੀ ਚੌਕਸ ਰਹਿੰਦੇ ਹਨ ਤੇ ਕੰਮ ਵਿੱਚ ਕੁਤਾਹੀ ਵਰਤਣ ਤੋਂ ਝਿਜਕਦੇ ਹਨ। 

Continues below advertisement


ਬੁੱਧਵਾਰ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਖੇਤਰੀ ਟਰਾਂਸਪੋਰਟ ਅਥਾਰਟੀ ਪਟਿਆਲਾ ਦੇ ਸਕੱਤਰ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਆਰਟੀਏ ਦਫ਼ਤਰ ਵਿੱਚ ਕੰਮਾਂ ਲਈ ਪੁੱਜੇ ਲੋਕਾਂ ਨਾਲ ਗੱਲਬਾਤ ਕਰਦਿਆਂ ਦਫ਼ਤਰ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਆਦਿ ਬਾਰੇ ਲੋਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਦਫ਼ਤਰੀ ਅਮਲੇ ਪਾਸੋਂ ਵੀ ਉਨ੍ਹਾਂ ਦੇ ਕੰਮਕਾਜ ਸਬੰਧੀ ਪੁੱਛਗਿਛ ਕੀਤੀ। ਇਸ ਦੌਰਾਨ ਅਧਿਕਾਰੀਆਂ ਤੇ ਅਮਲੇ ਨੂੰ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨ ਦੀ ਤਾਕੀਦ ਵੀ ਕੀਤੀ ਗਈ।


ਇਸ ਮਗਰੋਂ ਮੰਤਰੀ ਨੇ ਇੱਥੇ ਨਾਭਾ ਰੋਡ ’ਤੇ ਸਥਿਤ ਆਟੋਮੇਟਿਡ ਡਰਾਈਵਿੰਗ ਟਰੈਕ ਟੈਸਟ ਤੇ ਪੀਆਰਟੀਸੀ ਮੁੱਖ ਦਫ਼ਤਰ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭੁੱਲਰ ਨੇ ਆਰਟੀਏ ਅਤੇ ਡਰਾਈਵਿੰਗ ਟਰੈਕ ਦੇ ਦਫ਼ਤਰੀ ਅਮਲੇ ਕੋਲੋਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮਾਂ ਜਿਵੇਂ ਕਿ ਨਵੇਂ ਰਜਿਸਟਰੇਸ਼ਨ ਸਰਟੀਫਿਕੇਟਾਂ, ਟਰੱਕਾਂ ਦੇ ਪਰਮਿਟ, ਰੀਨਿਊਲ ਤੇ ਡਰਾਈਵਿੰਗ ਲਾਇਸੈਂਸ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਹਾਇਕ ਆਰਟੀਏ ਸ਼ਾਮ ਲਾਲ ਤੇ ਹੋਰ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।


ਟਰਾਂਸਪੋਰਟ ਮੰਤਰੀ ਨੇ ਪੀਆਰਟੀਸੀ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਤੇ ਇੱਥੇ ਡਰਾਈਵਰ-ਕੰਡਕਟਰ ਟ੍ਰੇਨਿੰਗ ਸਕੂਲ, ਟਾਇਰ ਪਲਾਂਟ ਸਮੇਤ ਬੱਸ ਬਾਡੀ ਫੈਬਰੀਕੇਸ਼ਨ ਸੈੱਲ ਦਾ ਜਾਇਜ਼ਾ ਲੈਂਦਿਆਂ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇੱਥੇ ਹੀ ਜਨਰਲ ਮੈਨੇਜਰਾਂ ਪਰਵੀਨ ਕੁਮਾਰ ਤੇ ਮਨਿੰਦਰਪਾਲ ਸਿੱਧੂ ਤੇ ਕਾਰਜਕਾਰੀ ਇੰਜਨੀਅਰ ਜਤਿੰਦਰਪਾਲ ਗਰੇਵਾਲ ਨਾਲ ਬੈਠਕ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪੀਆਰਟੀਸੀ ਅਤੇ ਪਨਬੱਸ ਨੂੰ ਚੋਰ ਮੋਰੀਆਂ ਬੰਦ ਕਰ ਕੇ ਵਿੱਤੀ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ, ਇਸ ਲਈ ਪੀਆਰਟੀਸੀ ਨੂੰ ਬੁਲੰਦੀਆਂ ’ਤੇ ਲਿਜਾਣ ’ਚ ਕੋਈ ਕਮੀ ਬਾਕੀ ਨਾ ਛੱਡੀ ਜਾਵੇ।