ਸੰਗਰੂਰ
  : ਸੰਗਰੂਰ ਵਿੱਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਲਾਲ ਕਿਲ੍ਹੇ 'ਤੇ ਵਾਇਰਲ ਹੋਈ ਵੀਡੀਓ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ, ਇਸ ਕਾਰਨ ਦਿੱਲੀ ਗਿਆ ਸੀ, ਇਸ 'ਚ ਕੁਝ ਗਲਤ ਨਹੀਂ ਕੀਤਾ।

 

ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਲਜੀਤ ਭੁੱਲਰ ਦੀ ਦੀਪ ਸਿੱਧੂ ਨਾਲ ਲਾਲ ਕਿਲੇ ਦੀ ਵੀਡੀਓ ਪੋਸਟ ਕੀਤੀ ਹੈ। ਲਾਲਜੀਤ ਭੁੱਲਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਲਲਕਾਰਿਆ ,ਜਿੱਥੇ ਸੁਖਪਾਲ ਸਿੰਘ ਖਹਿਰਾ ਦਾ ਪਿਤਾ ਖਾਲਿਸਤਾਨ ਦੀ ਮੰਗ ਕਰਦਾ ਸੀ, ਪਹਿਲਾਂ ਸੁਖਪਾਲ ਸਿੰਘ ਖਹਿਰਾ ਦੱਸਣ ਕਿ ਉਹ ਆਪਣੇ ਪਿਤਾ ਨਾਲ ਹੈ ਜਾਂ ਕਿਸੇ ਹੋਰ ਨਾਲ।

 

ਦਰਅਸਲ 'ਚ ਸੁਖਪਾਲ ਸਿੰਘ ਖਹਿਰਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪਾਈ ਗਈ ਸੀ, ਜੋ 26 ਜਨਵਰੀ ਦੇ ਕਿਸਾਨ ਅੰਦੋਲਨ ਸਮੇਂ ਦੀ ਵੀਡੀਓ ਸੀ, ਜਿਸ 'ਚ ਦੀਪ ਸਿੱਧੂ ਨੇ ਲਾਲ ਕਿਲੇ 'ਤੇ ਭਗਵੇਂ ਰੰਗ ਦਾ ਝੰਡਾ ਲਹਿਰਾਇਆ ਸੀ। ਇਸ ਦੌਰਾਨ ਕਈਆਂ 'ਤੇ ਕੇਸ ਦਰਜ ਕੀਤੇ ਗਏ ਸਨ। ਇਸੇ ਵੀਡੀਓ ਵਿੱਚ ਦੀਪ ਸਿੱਧੂ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਨਜ਼ਰ ਆ ਰਹੇ ਸਨ। 

 

ਸੁਖਪਾਲ ਸਿੰਘ ਖਹਿਰਾ ਨੇ ਇਹ ਵੀਡੀਓ ਪਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਜੇਕਰ ਲਾਲ ਕਿਲੇ 'ਤੇ ਜਾਣ ਵਾਲਾ ਦੀਪ ਸਿੱਧੂ ਗੱਦਾਰ ਸੀ ਤਾਂ ਤੁਹਾਡਾ ਮੰਤਰੀ ਕੀ ਸੀ, ਉਹ ਵੀ ਉੱਥੇ ਹਾਜ਼ਰ ਸੀ,ਇਸ ਦਾ ਜਵਾਬ ਦਿਓ। ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਇਸ ਬਾਰੇ ਖੁੱਲ੍ਹ ਕੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ,ਇਸ ਕਰਕੇ ਮੈਂ ਦਿੱਲੀ ਗਿਆ ਸੀ ਅਤੇ ਮੈਂ ਇਸ ਵਿੱਚ ਕੁਝ ਗਲਤ ਨਹੀਂ ਕੀਤਾ।  

 

ਓਧਰ ਦੋਵਾਂ ਆਗੂਆਂ ਦੀ ਇਸ ਬਿਆਨਬਾਜ਼ੀ 'ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ 'ਆਪ' ਦੀ ਬਿਆਨਬਾਜ਼ੀ ਸਿਰਫ਼ ਇਕ-ਦੂਜੇ 'ਤੇ ਚਿੱਕੜ ਉਛਾਲਣ ਤੱਕ ਹੀ ਰਹਿ ਗਈ ਹੈ। ਢੀਂਡਸਾ ਨੇ ਕਿਹਾ ਕਿ ਕੌਣ ਦਿੱਲੀ ਗਿਆ , ਕਿਸ ਦੇ ਪਿਤਾ ਨੇ ਕੀ ਕਿਹਾ, ਉਸ ਬਾਰੇ ਗੱਲ ਨਹੀਂ ਹੋਣੀ ਚਾਹੀਦੀ, ਗੱਲ ਲੋਕਾਂ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਹਨ।