Last Day Nomination: ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਯਾਨੀ ਮੰਗਲਵਾਰ ਆਖਰੀ ਦਿਨ ਹੈ। ਕਾਗਜ਼ ਦਾਖਲ ਕਰਨ ਦਾ ਸਮਾਂ 7 ਮਈ ਤੋਂ ਸ਼ੁਰੂ ਹੋਇਆ ਸੀ ਜੋ 14 ਮਈ ਤੱਕ ਰਹੇਗਾ। ਪੰਜਾਬ ਵਿੱਚ ਹੁਣ ਤੱਕ 372 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ।
ਬੀਤੇ ਦਿਨ ਪੰਜਾਬ ਵਿੱਚ ਇੱਕੋ ਸਮੇਂ 209 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਅੱਜ ਆਪ ਦੇ ਕਰਮਜੀਤ ਅਨਮੋਲ ਫਰੀਦਕੋਟ ਤੋਂ ਨਾਮਜ਼ਦਗੀ ਭਰਨਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਸਤ ਅਦਾਕਾਰ ਬਿੰਨੂ ਢਿੱਲੋਂ ਅਤੇ ਅਦਾਕਾਰ ਗਿੱਪੀ ਗਰੇਵਾਲ ਵੀ ਪਹੁੰਚ ਰਹੇ ਹਨ।
ਅਨਮੋਲ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਅਤੇ ਉਮੀਦਵਾਰ ਡਾ: ਅਮਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਗੇਜਾ ਰਾਮ ਵਾਲਮੀਕੀ ਅੱਜ ਨਾਮਜ਼ਦਗੀ ਦਾਖ਼ਲ ਕਰਨਗੇ।
ਗੇਜਾ ਰਾਮ ਵੱਲੋਂ ਆਪਣੀ ਨਾਮਜ਼ਦਗੀ ਤੋਂ ਪਹਿਲਾਂ ਜਨਤਕ ਮੀਟਿੰਗ ਅਤੇ ਰੋਡ ਸ਼ੋਅ ਵੀ ਕੀਤਾ ਜਾ ਰਿਹਾ ਹੈ। ਜਿੱਥੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਰਾਜਸਥਾਨ ਦੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ, ਜਗਮੋਹਨ ਸਿੰਘ ਰਾਜੂ ਅਤੇ ਲੋਕ ਸਭਾ ਹਲਕਾ ਇੰਚਾਰਜ ਪ੍ਰਦੀਪ ਗਰਗ ਵੀ ਮੌਜੂਦ ਰਹਿਣਗੇ।
ਬੀਤੇ ਦਿਨ ਸੋਮਵਾਰ ਨੂੰ ਪੰਜਾਬ ਵਿੱਚ ਕਰੀਬ 209 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਪੂਰੀ ਨਾਮਜ਼ਦਗੀ ਪ੍ਰਕਿਰਿਆ 'ਚ ਸੋਮਵਾਰ ਨੂੰ ਸਭ ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ। ਇਸ ਦੌਰਾਨ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋਂ ਪ੍ਰਨੀਤ ਕੌਰ, ਬਠਿੰਡਾ ਤੋਂ ਪਰਮਪਾਲ ਕੌਰ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ।
ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ, ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅਤੇ ‘ਆਪ’ ਮੰਤਰੀ ਕੁਲਦੀਪ ਧਾਲੀਵਾਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਚੋਣਾਂ ਦੇ ਸੱਤਵੇਂ ਪੜਾਅ ਦੀ ਪੜਤਾਲ 15 ਮਈ ਯਾਨੀ ਕੱਲ੍ਹ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ ਦੋ ਦਿਨ ਤੱਕ ਚੱਲੇਗੀ। ਜਿਸ ਤੋਂ ਬਾਅਦ 17 ਮਈ ਨੂੰ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਦੇ ਹਨ। ਉਸੇ ਦਿਨ ਅੰਤਿਮ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।