ਗੁਰਦਾਸਪੁਰ: ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਭੋਜਰਾਜ ਵਿਖੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਾਢੇ ਚਾਰ ਵਜੇ ਜਿਵੇਂ ਹੀ ਫੌਜ ਦਾ ਹੈਲੀਕਾਪਟਰ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਪਹੁੰਚਿਆ, ਪਰਿਵਾਰ ਅਤੇ ਪਿੰਡ ਵਾਸੀਆਂ ਨੇ ਆਖ਼ਰੀ ਦਰਸ਼ਨ ਕਰਨ ਲਈ ਭੀੜ ਇੱਕਠੀ ਹੋ ਗਈ।


ਸ਼ਹੀਦ ਸਤਨਾਮ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੁੱਜੇ ਜਦਕਿ ਅਕਾਲੀ ਅਤੇ ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਵੀ ਅੰਤਿਮ ਸੰਸਕਾਰ ‘ਚ ਪੁੱਜੇ। ਸ਼ਹੀਦ ਸਤਨਾਮ ਸਿੰਘ ਦੇ ਸਸਕਾਰ ‘ਚ ਆਸ ਪਾਸ ਦੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਉਨ੍ਹਾਂ ਵਲੋਂ ਸ਼ਹੀਦ ਸਤਨਾਮ ਸਿੰਘ ਅਮਰ ਰਹੇ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਗਿਆ।



ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦਾ 42 ਸਾਲਾ ਸਤਨਾਮ ਸਿੰਘ ਨਾਇਬ ਸੂਬੇਦਾਰ ਵਜੋਂ ਪੰਜਾਬ ਰੈਜੀਮੈਂਟ ਨੂੰ ਸਮਰਪਿਤ ਸੀ। ਉਸਦੇ ਛੋਟੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਫੌਜੀ ਹੈ ਅਤੇ ਉਹ ਆਪਣੇ ਭਰਾ ਦੀ ਪ੍ਰੇਰਣਾ ਨਾਲ ਦੇਸ਼ ਸੇਵਾ ਕਰਨ ਲਈ ਫੌਜ਼ ਵਿੱਚ ਭਰਤੀ ਹੋਇਆ ਸੀ। ਇਸ ਤੋਂ ਇਲਾਵਾ ਸਤਨਾਮ ਸਿੰਘ ਆਪਣੇ ਪਿੱਛੇ ਪੁੱਤਰ ਪ੍ਰਭਜੋਤ ਸਿੰਘ (16), ਧੀ ਸੰਦੀਪ ਕੌਰ (17), ਪਤਨੀ ਜਸਵਿੰਦਰ ਕੌਰ, ਪਿਤਾ ਜਗੀਰ ਸਿੰਘ ਅਤੇ ਮਾਂ ਜਸਬੀਰ ਕੌਰ ਛੱਡ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904