Parkash Singh Badal: ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਰਫ ਸਿਆਸੀ ਰਹਿਨੁਮਾਈ ਹੀ ਨਹੀਂ ਕੀਤੀ ਸਗੋਂ ਕਈ ਦਹਾਕਿਆਂ ਤੱਕ ਸਿੱਖਾਂ ਦੀ ਵੀ ਅਗਵਾਈ ਕੀਤੀ। ਬੇਸ਼ੱਕ ਸਿੱਖਾਂ ਦੀਆਂ ਕਈ ਧਿਰਾਂ ਉਨ੍ਹਾਂ ਨਾਲ ਵਿਚਾਰਕ ਇਤਫਾਕ ਨਹੀਂ ਰੱਖਦੀਆਂ ਸੀ ਪਰ ਇਹ ਸੱਚ ਹੈ ਕਿ ਪੰਥਕ ਕਮਾਂਡ ਬਾਦਲ ਹੱਥ ਹੀ ਰਹੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਈ ਦਹਾਕਿਆਂ ਤੱਕ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਬਾਦਲ ਦੇ ਹੱਥ ਹੀ ਰਹੀ। ਇਸ ਲਈ ਬਾਦਲ ਦੀ ਅਲੋਚਨਾ ਵੀ ਹੁੰਦੀ ਰਹੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੇ ਹਨ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ’ਤੇ ਲਗਪਗ ਤਿੰਨ ਦਹਾਕਿਆਂ ਤੋਂ ਸਰਪ੍ਰਸਤੀ ਬਣੀ ਹੋਈ ਹੈ। ਪੰਜਾਬ ਵਿੱਚ ਅਤਿਵਾਦ ਦੀ ਸਮਾਪਤੀ ਮਗਰੋਂ ਜਦੋਂ ਅਕਾਲੀ-ਭਾਜਪਾ ਗੱਠਜੋੜ ਕਾਇਮ ਹੋਇਆ ਤਾਂ 1997 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਾਲੀ ਸਾਂਝੀ ਸਰਕਾਰ ਪੰਜਾਬ ਵਿੱਚ ਸਥਾਪਤ ਹੋਈ ਸੀ। ਇਸ ਤੋਂ ਪਹਿਲਾਂ 1996 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਵੀ ਬਹੁਮਤ ਨਾਲ ਜੇਤੂ ਰਿਹਾ ਸੀ।
2002 ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਕੋਲੋਂ ਹਾਰ ਗਿਆ ਸੀ ਪਰ 2004 ਵਿੱਚ ਮੁੜ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ 2011 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤੀਆਂ ਸਨ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੈ।
ਇਸ ਦੌਰਾਨ ਸਿੱਖ ਸੰਸਥਾ ਨੇ ਕਈ ਵੱਕਾਰੀ ਕਾਰਜ ਵੀ ਕੀਤੇ ਪਰ 2015 ਵਿੱਚ ਸ਼੍ਰੋਮਣੀ ਕਮੇਟੀ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ ਸੀ ਜਦੋਂ ਸ੍ਰੀ ਅਕਾਲ ਤਖ਼ਤ ਤੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਿਨਾਂ ਮੰਗੇ ਮੁਆਫ਼ੀ ਦੇ ਦਿੱਤੀ ਗਈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਇੱਕ ਸਿੰਘ ਸਾਹਿਬ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਨੂੰ ਵੀ ਵੱਡੀ ਢਾਹ ਲੱਗੀ ਸੀ।
ਇਸੇ ਸਾਲ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਨੇ ਸਿੱਖ ਸੰਸਥਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਦੀ ਸਾਖ਼ ਨੂੰ ਹੋਰ ਢਾਹ ਲਾਈ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਸ਼ੁਰੂ ਹੋਇਆ ਤੇ 2017 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਨ੍ਹਾਂ ਦੋਸ਼ਾਂ ਦੇ ਕਾਰਨ ਹੀ 2022 ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਵਧੇਗਾ 10 ਫ਼ੀਸਦ ਕੁਲੈਕਟਰ ਰੇਟ, ਪਹਿਲਾਂ 2021 ’ਚ ਹੋਈ ਸੀ ਕੁਲੈਕਟਰ ਰੇਟ ’ਚ ਸੋਧ
ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਪ੍ਰਕਾਸ਼ ਸਿੰਘ ਬਾਦਲ ਵੇਲੇ ਕਈ ਅਹਿਮ ਕਾਰਜ ਵੀ ਹੋਏ ਹਨ, ਜੋ ਹਮੇਸ਼ਾ ਯਾਦ ਰੱਖੇ ਜਾਣਗੇ। ਇਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਹੈਰੀਟੇਜ ਸਟ੍ਰੀਟ ਦੀ ਉਸਾਰੀ, ਸ੍ਰੀ ਆਨੰਦਪੁਰ ਸਾਹਿਬ ਵਿੱਚ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਸਮੇਤ ਹੋਰ ਕਈ ਅਹਿਮ ਯਾਦਗਾਰਾਂ ਸ਼ਾਮਲ ਹਨ। ਸਿੱਖ ਸੰਸਥਾ ਲਈ ਕੀਤੇ ਗਏ ਅਜਿਹੇ ਅਹਿਮ ਕਾਰਜਾਂ ਕਰਕੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ 2011 ਵਿੱਚ ਸ੍ਰੀ ਅਕਾਲ ਤਖਤ ਤੋਂ ‘ਫਖਰ਼-ਏ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ।