ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ 'ਤੇ ਚੰਡੀਗੜ੍ਹ ਪੁਲਿਸ ਨੇ ਖੂਬ ਡਾਂਗ ਵਰ੍ਹਾਈ। ਵਿਧਾਨ ਸਭਾ ਵੱਲ ਵਧ ਰਹੇ ਅਕਾਲੀਆਂ 'ਤੇ ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਨਾਲ ਖਿਦੇੜ ਦਿੱਤਾ। ਇਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲਹਿ ਗਈਆਂ। ਦੂਜੇ ਪਾਸੇ ਅਕਾਲੀਆਂ ਨੇ ਵੀ ਪੁਲਿਸ 'ਤੇ ਪੱਥਰ ਵਰ੍ਹਾਏ। ਅਕਾਲੀਆਂ ਦੀ ਅਗਵਾਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕਰ ਰਹੇ ਸੀ। ਬਾਅਦ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਸਣੇ ਸੀਨੀਅਰ ਲੀਡਰਾਂ ਨੇ ਗ੍ਰਿਫਤਾਰੀ ਦੇ ਦਿੱਤੀ। ਕਾਬਲੇਗੌਰ ਹੈ ਕਿ ਅਕਾਲੀ ਦਲ ਨੇ ਅੱਜ ਕਿਸਾਨਾਂ ਦੇ ਕਰਜ਼ਿਆਂ ਤੇ ਹੋਰ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਸੀ। ਅੱਜ ਸਵੇਰੇ ਘਿਰਾਓ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 25 ਦੇ ਗਰਾਉਂਡ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮਗਰੋਂ ਜਦੋਂ ਅਕਾਲੀ ਵਿਧਾਨ ਸਭਾ ਵੱਲ ਵਧੇ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਅਕਾਲੀਆਂ ਨੇ ਬੇਰੀਕੇਡ ਤੋੜਨ ਦੀ ਕੋਸ਼ਿਸ਼ ਕੀਤਾ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਅਕਾਲੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨਾਲ ਵਾਅਦਾ ਖਿਲਾਫੀ ਕਰਨ ਕਰਕੇ ਲੋਕਾਂ ਦੇ ਮਨਾਂ ਤੋਂ ਉੱਤਰ ਚੁੱਕੀ ਹੈ। ਅੱਜ ਹੋਰ ਸਹੂਲਤਾਂ ਦੇਣ ਦੀ ਬਜਾਏ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ। ਕਈ ਸਾਲਾਂ ਤੋਂ ਸੇਵਾ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਉੱਤੇ ਕੱਟ ਲਾਉਣ, ਮੋਟਰਾਂ ਉੱਤੇ ਮੀਟਰ ਲਾਉਣ ਤੇ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2019 ਵਿੱਚ ਹੋਣ ਜਾ ਰਹੀਆਂ ਚੋਣਾਂ ਮੌਕੇ ਇਹ ਸਰਕਾਰ ਦਾ ਅੰਤ ਹੋ ਜਾਏਗਾ।