ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸੈਂਕੜੇ ਬਜ਼ੁਰਗਾਂ ਤੇ ਅਪਾਹਜਾਂ ਲਈ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਲਿਫਟਾਂ ਲਾਈਆਂ ਹਨ। ਇਨ੍ਹਾਂ ਦੀ ਮਦਦ ਨਾਲ ਪੌੜੀਆਂ ਰਾਹੀਂ ਪਰਿਕਰਮਾ ਵਿੱਚ ਨਾ ਜਾ ਸਕਣ ਵਾਲੇ ਸ਼ਰਧਾਲੂਆਂ ਨੂੰ ਲਿਫਟਾਂ ਰਾਹੀਂ ਅੰਦਰ ਜਾਣ ਵਿੱਚ ਮਦਦ ਮਿਲੇਗੀ। ਇਨ੍ਹਾਂ ਲਿਫਟਾਂ ਦੀ ਸ਼ੁਰੂਆਤ ਜਲਦ ਹੀ ਸ਼੍ਰੋਮਣੀ ਕੇਮਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤੀ ਜਾਵੇਗੀ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਚਾਰਾਂ ਮੁੱਖ ਦੁਆਰਾਂ ਅੰਦਰ ਬਣੀਆਂ ਪੌੜੀਆਂ ਦੇ ਨਾਲ-ਨਾਲ ਇਹ ਕੁਰਸੀ ਵਾਲੀਆਂ ਲਿਫਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਕੁਰਸੀ ਲਿਫਟਾਂ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ। ਹਰਿਮੰਦਰ ਸਾਹਿਬ ਅੰਦਰ ਦਾਖਲ ਹੋਣ ਤੋਂ ਬਾਅਦ ਪਰਿਕਰਮਾ ਵਿੱਚ ਦਾਖਲ ਹੋਣ ਲਈ ਪੌੜੀਆਂ ਉੱਤਰ ਕੇ ਜਾਣਾ ਪੈਂਦਾ ਹੈ। ਇਨ੍ਹਾਂ ਪੌੜੀਆਂ ਨੂੰ ਜੋ ਨਹੀਂ ਉੱਤਰ ਸਕਦੇ, ਉਨ੍ਹਾਂ ਨੂੰ ਲੋਕਾਂ ਦੀ ਮਦਦ ਲੈ ਕੇ ਹੇਠਾਂ ਉੱਤਰਨਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ।

ਦਰਅਸਲ ਪੌੜੀਆਂ ਦੇ ਨਾਲ ਹੀ ਦੀਵਾਰ ਨਾਲ ਇੱਕ ਲੰਬੀ ਪਾਈਪ ਲਾ ਕੇ ਉਸ ਨਾਲ ਕੁਰਸੀਨੁਮਾ ਲਿਫਟ ਲਾ ਦਿੱਤੀ ਗਈ ਹੈ। ਬਜ਼ੁਰਗ ਤੇ ਅੰਗਹੀਣ ਲੋਕ ਇਸ ਕੁਰਸੀ ਉੱਤੇ ਬੈਠੇ ਕੇ ਪਰਿਕਰਮਾ ਅੰਦਰ ਤੇ ਬਾਹਰ ਆ ਜਾ ਸਕਣਗੇ। ਇਸ ਲਿਫਟ ਨੂੰ ਬਿਜਲੀ ਦੀ ਮਦਦ ਨਾਲ ਚਲਾਇਆ ਜਾ ਸਕੇਗਾ। ਕੁਰਸੀ ਲਿਫਟ ਦੇ ਨਾਲ ਲੱਗੇ ਬਟਨ ਦੀ ਮਦਦ ਨਾਲ ਕੁਰਸੀ ਨੂੰ ਹੇਠਾਂ ਜਾਂ ਉੱਪਰ ਕੀਤਾ ਜਾ ਸਕੇਗਾ। ਸ਼੍ਰੋਮਣੀ ਕਮੇਟੀ ਦੇ ਇਸ ਨਵੇਂ ਕਦਮ ਦੀ ਲੋਕਾਂ ਵੱਲੋਂ ਖ਼ਾਸੀ ਤਾਰੀਫ ਕੀਤੀ ਜਾ ਰਹੀ ਹੈ।