ਕੁਦਰਤ ਦਾ ਕਹਿਰ: ਬਿਜਲੀ ਨਾਲ ਕਿਸਾਨ ਦੀ ਮੌਤ, ਤਿੰਨ ਵੱਲੋਂ ਖ਼ੁਦਕੁਸ਼ੀ
ਏਬੀਪੀ ਸਾਂਝਾ | 10 Apr 2018 11:49 AM (IST)
ਚੰਡੀਗੜ੍ਹ: ਬੀਤੇ ਦਿਨੀਂ ਪਏ ਬੇਵਕਤੇ ਮੀਂਹ ਨੇ ਕਿਸਾਨਾਂ ਨੂੰ ਵੱਡੀ ਚਿੰਤਾ ਵਿੱਚ ਪਾ ਦਿੱਤਾ ਹੈ। ਅਜਿਹੇ ਸੰਕਟ ਨੂੰ ਵੇਖਦਿਆਂ ਪਿੰਡ ਬੁੱਗਰਾਂ ਦੇ ਕਿਸਾਨ ਜਗਰਾਜ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਅਜਿਹੀ ਹੋਰ ਘਟਨਾ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ 'ਚ ਵਾਪਰੀ ਜਿੱਥੇ ਕਰਜ਼ੇ ਤੋਂ ਦੁਖੀ ਹੋਏ ਭਗਵੰਤ ਸਿੰਘ (56) ਪੁੱਤਰ ਦਰਬਾਰਾ ਸਿੰਘ ਨੇ ਵੀ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਜਗਰਾਜ ਸਿੰਘ ’ਤੇ 10 ਲੱਖ ਦਾ ਬੈਂਕ ਦਾ ਕਰਜ਼ਾ ਸੀ ਜਿਸ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਪੰਚਾਇਤ ਬੁੱਗਰਾਂ ਨੇ ਮ੍ਰਿਤਕ ਜਗਰਾਜ ਸਿੰਘ ਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਭਗਵੰਤ ਸਿੰਘ ਨੇ ਕਾਰਪੋਰੇਸ਼ਨ ਬੈਂਕ ਦਾ 4 ਲੱਖ ਰੁਪਏ ਕਰਜ਼ਾ ਦੇਣਾ ਸੀ। ਉੱਧਰ ਮੁਕਤਸਰ ਦੇ ਪਿੰਡ ਕੌਨੀ ਵਿੱਚ ਖੇਤ ਮਜ਼ਦੂਰ ਲਖਵੀਰ ਸਿੰਘ ਵੀ ਆਪਣੇ ਪਰਿਵਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਮ੍ਰਿਤਕ ਲਖਵੀਰ ਸਿੰਘ ਆਪਣੇ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ। ਪੁਲਿਸ ਇਸ ਮਾਮਲੇ ਦੀ ਪੁਣਛਾਣ ਕਰ ਰਹੀ ਹੈ। ਕਿਸਾਨਾਂ 'ਤੇ ਕੁਦਰਤ ਨੇ ਉਦੋਂ ਕਹਿਰ ਢਾਹਿਆ ਜਦੋਂ ਰੋਪੜ ਦੇ ਪਿੰਡ ਕਾਕਰੋਂ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ (52) ’ਤੇ ਅਸਮਾਨੀ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਉਹ ਘਰ ਦੀ ਛੱਤ ’ਤੇ ਸੁੱਕਣੇ ਪਾਈ ਸਰ੍ਹੋਂ ਚੁੱਕਣ ਗਿਆ ਸੀ ਤਾਂ ਅਸਮਾਨੀ ਬਿਜਲੀ ਨੇ ਉਸ ਦੀ ਜਾਨ ਲੈ ਲਈ।