ਸੰਗਰੂਰ: ਸ਼ਹਿਰ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ ਛੋਟੇ ਬੱਚੇ ਨੂੰ ਖੂੰਖਾਰ ਕੁੱਤੇ ਨੇ ਨੋਚ ਲਿਆ। ਪਿੱਟਬੁੱਲ ਕੁੱਤੇ ਦੇ ਵੱਢਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਫਿਰ ਪਟਿਆਲਾ ਰੈਫਰ ਕਰ ਦਿੱਤਾ।


ਘਟਨਾ ਹਰੀਪੁਰਾ ਬਸਤੀ ਵਿੱਚ ਬੀਤੇ ਮੰਗਲਵਾਰ ਵਾਪਰੀ ਜਦੋਂ ਚਾਰ ਸਾਲਾ ਮਨਜੋਤ ਸਿੰਘ ਖੇਡ ਰਿਹਾ ਸੀ। ਇਸੇ ਦੌਰਾਨ ਗੁਆਂਢੀ ਦਾ ਰੱਖਿਆ ਪਿੱਟਬੁੱਲ ਕੁੱਤਾ ਖੁੱਲ੍ਹ ਕੇ ਆ ਗਿਆ ਤੇ ਬਾਹਰ ਆਉਂਦੇ ਹੀ ਕੁੱਤੇ ਨੇ ਮਨਜੋਤ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਲੋਕ ਵੀ ਇਕੱਠੇ ਹੋ ਗਏ ਤੇ ਬੜੀ ਮੁਸ਼ੱਕਤ ਨਾਲ ਬੱਚੇ ਨੂੰ ਕੁੱਤੇ ਦੇ ਚੁੰਗਲ ਵਿੱਚੋਂ ਛੁਡਵਾਇਆ। ਕੁੱਤੇ ਨੇ ਬੱਚੇ ਦੀ ਗਰਦਨ 'ਤੇ ਹਮਲਾ ਕਰਨ ਤੋਂ ਇਲਾਵਾ ਹੱਥਾਂ, ਪੈਰਾਂ ਤੇ ਢਿੱਡ 'ਤੇ ਡੂੰਘੇ ਜ਼ਖ਼ਮ ਕਰ ਦਿੱਤੇ। ਜ਼ਖ਼ਮ ਜ਼ਿਆਦਾ ਹੋਣ ਕਾਰਨ ਹੁਣ ਬੱਚੇ ਦਾ ਇਲਾਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜਾਰੀ ਹੈ।