ਚੰਡੀਗੜ੍ਹ: ਬੀਤੇ ਦਿਨੀਂ ਦੋ ਕੇਲਿਆਂ ਨੂੰ 442.50 ਰੁਪਏ ਵਿੱਚ ਵੇਚਣ ਬਦਲੇ 25,000 ਰੁਪਏ ਦਾ ਜ਼ੁਰਮਾਨਾ ਲਵਾਉਣ ਵਾਲੇ ਇੱਥੋਂ ਦੇ ਪੰਜ ਤਾਰਾ ਹੋਟਲ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆ ਗਿਆ ਹੈ। ਹੁਣ ਹੋਟਲ ਵੱਲੋਂ ਸ਼ਰਾਬ ਵੇਚਣ ਵਿੱਚ ਊਣਤਾਈਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਹੋਟਲ ਦਾ ਚਲਾਨ ਵੀ ਹੋ ਚੁੱਕਿਆ ਹੈ।


ਡਿਪਟੀ ਕਮਿਸ਼ਨਰ ਸਹਿ ਐਕਸਾਈਜ਼ ਤੇ ਕਰ ਵਿਭਾਗ ਦੇ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜੇ.ਡਬਲਿਊ ਮੈਰੀਅਟ ਹੋਟਲ ਵਿੱਚ ਸ਼ਰਾਬ ਵਰਤਾਉਣ ਸਬੰਧੀ ਊਣਤਾਈਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਬਰਾੜ ਦੇ ਸਹਾਇਕ ਕਮਿਸ਼ਨਰ ਆਰ.ਕੇ. ਚੌਧਰੀ ਵੱਲੋਂ ਕੀਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਰੌਸਨ ਰਿਜ਼ਰਵ ਬਰਾਂਡ ਦੀ ਸ਼ਰਾਬ ਦੇ ਚੰਡੀਗੜ੍ਹ ਵਿੱਚ ਵਿਕਣ ਦੀ ਇਜਾਜ਼ਤ ਨਹੀਂ ਹੈ, ਉਸ ਦੀਆਂ ਸੱਤ ਬੋਤਲਾਂ ਹੋਟਲ ਵਿੱਚ ਰੱਖੀਆਂ ਪਾਈਆਂ ਗਈਆਂ।

ਇੰਨਾ ਹੀ ਨਹੀਂ ਹੋਟਲ ਵਿੱਚ ਪਈਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਬਗ਼ੈਰ ਹੋਲੋਗ੍ਰਾਮ ਤੋਂ ਪਾਈਆਂ ਗਈਆਂ। ਪ੍ਰਸ਼ਾਸਨ ਦੀ ਟੀਮ ਨੇ ਹੋਟਲ ਵਿੱਚੋਂ 12 ਸਾਲ ਪੁਰਾਣੀ ਸ਼ਿਵਾਸ ਰੀਗਲ (12-ਬੋਤਲਾਂ), 12 ਸਾਲ ਪੁਰਾਣੀ ਕ੍ਰੇਗਨਮੋਰੇ (10 ਬੋਤਲਾਂ), 14 ਸਾਲ ਪੁਰਾਣੀ ਕਲਾਨਲਿਸ਼ (4 ਬੋਤਲਾਂ) ਅਚੇ ਐਂਟਿਕੁਇਟੀ ਬਲੂ ਦੀ ਇੱਕ ਬੋਤਲ ਬਿਨਾਂ ਹੋਲੋਗ੍ਰਾਮ ਤੋਂ ਫੜੀਆਂ ਹਨ। ਹੋਟਲ ਨੂੰ ਦੋਸ਼ੀ ਪਾਏ ਜਾਣ 'ਤੇ ਕੁਝ ਸਮੇਂ ਲਈ ਸ਼ਰਾਬ ਵੇਚਣ ਲਾ ਲਾਈਸੰਸ ਮੁਅੱਤਲ ਜਾਂ ਜ਼ੁਰਮਾਨਾ ਲਾਇਆ ਜਾ ਸਕਦਾ ਹੈ।