Delhi Election: ਦਿੱਲੀ ਚੋਣਾਂ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਹੰਗਾਮਾ ਹੋ ਰਿਹਾ ਹੈ ਤੇ ਹੁਣ ਸਾਹਮਣੇ ਆਈ ਇੱਕ ਹੋਰ ਵੀਡੀਓ ਨੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ, ਦਰਅਸਲ ਦਿੱਲੀ ਪੁਲਿਸ ਦੇ ਮੁਤਾਬਕ, ਪੰਜਾਬ ਭਵਨ ਨੇੜੇ ਇੱਕ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਖੜ੍ਹੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਨਕਦੀ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ।
ਇਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਨਵੀਂ ਦਿੱਲੀ ਜ਼ਿਲ੍ਹੇ ਦੇ ਤਿਲਕ ਮਾਰਗ ਪੁਲਿਸ ਸਟੇਸ਼ਨ ਵਿਖੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਸ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਕੀਤਾ ਦਿੱਤਾ ਤਰਕ ?
ਟਰਾਂਸਪੋਰਟ ਵਿਭਾਗ (ਪੰਜਾਬ ਸਰਕਾਰ) ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB35AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਕਦੀ ਨਾਲ ਫੜਿਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਦੋਸ਼ ਲਾਇਆ ਗਿਆ ਹੈ ਕਿ ਗੱਡੀ 'ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਹੈ। ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ 'ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿੱਚ ਤਾਇਨਾਤ ਸੀ ਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ।
ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 'ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਸਬੰਧਿਤ ਵਾਹਨ ਦੀ ਨੰਬਰ ਪਲੇਟ ਜਾਅਲੀ ਅਤੇ ਨਕਲੀ ਹੈ। ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਪਲੇਟ ਹੈ, ਇਸ ਲਈ ਇਸ ਨੂੰ ਬਣਾਉਣਾ ਆਸਾਨ ਹੈ। ਅਸੀਂ ਆਪਣੇ ਰਿਕਾਰਡ ਦੀ ਖੋਜ ਕੀਤੀ ਹੈ ਅਤੇ ਪਾਇਆ ਹੈ ਕਿ ਅਜਿਹਾ ਕੋਈ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ 'ਤੇ ਨਹੀਂ ਹੈ। ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ।
ਦਿੱਲੀ ਪੁਲਿਸ ਨੇ ਕੀ ਕਿਹਾ ?
ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਕਿਹਾ, "ਅੱਜ ਸਾਨੂੰ ਇੱਕ ਗੱਡੀ ਮਿਲੀ ਹੈ ਜਿਸਦਾ ਪੰਜਾਬ ਨੰਬਰ ਹੈ ਅਤੇ ਉਸ 'ਤੇ 'ਪੰਜਾਬ ਸਰਕਾਰ' ਲਿਖਿਆ ਹੋਇਆ ਹੈ।" ਸਾਨੂੰ ਉਸ ਵਿੱਚੋਂ ਕੁਝ ਲੱਖ ਰੁਪਏ ਨਕਦ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਤੁਹਾਡਾ ਪੈਂਫਲਿਟ ਮਿਲਿਆ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗੱਡੀ ਕਿਸਦੀ ਹੈ ਅਤੇ ਇਸਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਸੀ ? ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਪਹਿਲੀ ਨਜ਼ਰੇ ਜਾਪਦੀ ਪੰਜਾਬ ਸਰਕਾਰ ਦੀ ਗੱਡੀ ਪਰ.....
ਜੇ ਗ਼ੌਰ ਨਾਲ ਦੇਖੀਏ ਤਾਂ ਇਸ ਗੱਡੀ ਉੱਤੇ ਜੋ ਪੰਜਾਬ ਸਰਕਾਰ ਲਿਖਿਆ ਹੋਇਆ ਹੈ ਉਹ ਪੂਰੀ ਤਰ੍ਹਾ ਸਹੀ ਨਹੀਂ ਹੈ ਕਿਉਂਕਿ ਇਸ ਵਿੱਚ ਪੰਜਾਬ ਦੇ ਵਿੱਚੋਂ ਅੱਧਾ 'ਬ' ਗ਼ਾਇਬ ਹੈ ਤੇ ਇਸ ਤੋਂ ਇਲਾਵਾ ਸਰਕਾਰ ਵੀ ਟੇਡਾ ਲਿਖਿਆ ਦਿੰਦਾ ਹੈ ਤੇ ਵੱਡੀ ਗੱਲ ਜੇ ਸਰਕਾਰੀ ਗੱਡੀ ਹੈ ਤਾਂ ਉਸ ਉੱਤੇ ਸਰਕਾਰੀ ਨੰਬਰ ਪਲੇਟ ਲੱਗੇ ਹੋਣਾ ਲਾਜ਼ਮੀ ਹੈ, ਜੋ ਕਿ ਇਸ ਵਿੱਚ ਨਹੀਂ ਹੈ।
ਦੱਸ ਦਈਏ ਇਨ੍ਹਾਂ ਚੋਣਾਂ ਵਿੱਚ ਦਿੱਲੀ ਘੁੰਮ ਰਹੀਆਂ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਤੇ ਹੁਣ ਦਿੱਲੀ ਵਿੱਚ ਪੰਜਾਬ ਸਰਕਾਰ ਲਿਖੀ ਗੱਡੀ ਵਿੱਚੋਂ ਸ਼ਰਾਬ ਮਿਲਣਾ ਕਿਤੇ ਨਾ ਕਿਤੇ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ, ਕਿਉਂਕਿ ਗੱਡੀ ਵਿੱਚੋਂ ਪਾਰਟੀ ਦੇ ਝੰਡੇ ਵੀ ਮਿਲੇ ਹਨ। ਜੇ ਇੱਕ ਵਾਰ ਮੰਨ ਵੀ ਲਿਆ ਜਾਵੇ ਕਿ ਕੋਈ ਪਾਰਟੀ ਸ਼ਰਾਬ ਵੰਡ ਰਹੀ ਹੈ ਤਾਂ ਉਹ ਆਪਣੀ ਪਾਰਟੀ ਦੇ ਝੰਡੇ ਤਾਂ ਕਿਸੇ ਹਾਲ ਵੀ ਨਾਲ ਨਹੀਂ ਰੱਖੇਗੀ, ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਇਹ ਕਿਤੇ ਨਾ ਕਿਤੇ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ, ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਾਇਆ ਹੋਇਆ ਹੈ।