ਫਿਰੋਜ਼ਪੁਰ:ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ਇੱਕ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਮਗਰੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।ਜ਼ੀਰਾ ਅਤੇ ਸਬੰਧਿਤ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਟਿਫਨ ’ਚ ਲੁਕੋ ਕੇ ਰੱਖਿਆ ਹੈਂਡ ਗ੍ਰਨੇਡ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਜ਼ੀਰਾ ਅਤੇ ਸੰਬੰਧਤ ਥਾਣੇ ਦੀ ਪੁਲਿਸ ਨਾਲ ਡੀ. ਐੱਸ. ਪੀ. ਜ਼ੀਰਾ ਅਤੇ ਐੱਸ. ਐੱਚ.ਓ. ਮੌਕੇ ’ਤੇ ਪਹੁੰਚ ਗਏ। ਪੁਲਿਸ ਵੱਲੋਂ ਇਸ ਬੰਬ ਦੇ ਆਲੇ-ਦੁਆਲੇ ਰੇਤਾ ਦੀਆਂ ਬੋਰੀਆਂ ਭਰ ਕੇ ਲਗਾ ਦਿੱਤੀਆਂ ਗਈਆਂ ਹਨ ਅਤੇ ਇਸ ਨੂੰ ਡਿਫਿਊਜ਼ ਕਰਨ ਲਈ ਸਪੈਸ਼ਲ ਬੰਬ ਡਿਸਪੋਜ਼ਲ ਸਕੁਐਡ ਨੂੰ ਬੁਲਾਇਆ ਗਿਆ ਹੈ।
ਫਿਰੋਜ਼ਪੁਰ ਪੁਲਿਸ ਨੇ ਦੱਸਿਆ ਕਿ ਬਠਿੰਡਾ ਅੰਮ੍ਰਿਤਸਰ ਹਾਈਵੇ ’ਤੇ ਸਥਿਤ ਪਿੰਡ ਸੇਖਵਾਂ ਕੋਲ ਫਾਰੈਸਟ ਵਿਭਾਗ ਵੱਲੋਂ ਪੌਦੇ ਲਗਾਏ ਜਾ ਰਹੇ ਸਨ ਅਤੇ ਪੌਦੇ ਲਗਾਉਣ ਵਾਲੀ ਟੀਮ ਨੂੰ ਇਕ ਲਿਫ਼ਾਫ਼ੇ ’ਚ ਬੰਦ ਭਾਰੀ ਡੱਬਾ ਮਿਲਿਆ, ਜਿਸ ਸਬੰਧੀ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਉੱਥੇ ਪਹੁੰਚ ਗਈ।
ਇਸ ਬੰਬ ਨੂੰ ਨਕਾਰਾ ਕਰਨ ਲਈ ਬੰਬ ਡਿਸਪੋਜ਼ਲ ਸਕੁਐਡ ਨੂੰ ਬੁਲਾਇਆ ਗਿਆ ਹੈ ਅਤੇ ਬੰਬ ਦੇ ਆਲੇ-ਦੁਆਲੇ ਰੇਤਾ ਦੀਆਂ ਬੋਰੀਆਂ ਭਰ ਕੇ ਲਗਾ ਦਿੱਤੀਆਂ ਗਈਆਂ ਹਨ। ਪੂਰੇ ਜ਼ਿਲ੍ਹੇ ’ਚ ਅਲਰਟ ਕਰ ਦਿੱਤਾ ਗਿਆ ਹੈ ਤੇ ਹਾਈਵੇ ਦੇ ਦੋਵੇਂ ਪਾਸੇ ਪੁਲਿਸ ਦੀਆਂ ਟੀਮਾਂ ਲਾ ਦਿੱਤੀਆਂ ਗਈਆਂ ਹਨ ਤੇ ਆਸ-ਪਾਸ ਦੇ ਏਰੀਏ ’ਚ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।
ਇਹ ਹੈਂਡ ਗ੍ਰਨੇਡ ਜ਼ਿੰਦਾ ਹੈ ਜਾਂ ਡੈੱਡ, ਇਸ ਬਾਰੇ ਪੂਰੀ ਜਾਣਕਾਰੀ ਬੰਬ ਡਿਸਪੋਜ਼ਲ ਸਕੁਐਡ ਦੇ ਆਉਣ ਤੋਂ ਬਾਅਦ ਪਤਾ ਲੱਗੇਗੀ, ਫਿਲਹਾਲ ਇਸ ਸਬੰਧੀ ਥਾਣਾ ਸਦਰ ਜ਼ੀਰਾ ’ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹਾਈਵੇ ’ਤੇ ਪੁਲਸ ਕੱਲ੍ਹ ਤਕ ਤਾਇਨਾਤ ਰਹੇਗੀ ਅਤੇ ਇਸ ਹੈਂਡ ਗ੍ਰਨੇਡ ਦੇ ਮਿਲਣ ਸਬੰਧੀ ਪੁਲਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।