ਚੰਡੀਗੜ੍ਹ: ਪੰਜਾਬ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲੌਕਡਾਊਨ ਲਾਏ ਜਾਣ ਦੀ ਚਰਚਾ ਜ਼ੋਰਾਂ ’ਤੇ ਹੈ। ਪੰਜਾਬ ਸਰਕਾਰ ਨੇ ਇਸ ਨੂੰ ਸਿਰਫ਼ ਅਫ਼ਵਾਹ ਹੀ ਦੱਸਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਕੋਈ ਲੌਕਡਾਊਨ ਨਹੀਂ ਲੱਗਣ ਜਾ ਰਿਹਾ। ਕਿਸੇ ਵੀ ਅਫ਼ਵਾਹ ਨਾ ਤਾਂ ਯਕੀਨ ਕਰੋ ਤੇ ਨਾ ਹੀ ਅੱਗੇ ਸ਼ੇਅਰ ਕਰੋ। ਅਫ਼ਵਾਹ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।





ਪੰਜਾਬ ’ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਬਾਰੇ ਰਾਜ ਸਰਕਾਰ ਦੇ ਅੰਦਰ ਹੀ ਕੁਝ ਮਤਭੇਦ ਸਾਹਮਣੇ ਆਏ ਹਨ। ਇੱਕ ਪਾਸੇ ਸਰਕਾਰ ਨੇ ਆਪਣੇ ਅਫ਼ਸਰਾਂ ਤੋਂ ਮਿਲੀ ਫ਼ੀਡਬੈਕ ਦੇ ਆਧਾਰ ਉੱਤੇ ਸਾਰੇ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਫ਼ਸਰਾਂ ਦੀ ਸਲਾਹ ’ਤੇ ਹੀ ਇੱਕ ਹਫ਼ਤੇ ਬਾਅਦ ਕੁਝ ਸਖ਼ਤ ਪਾਬੰਦੀਆਂ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

 

ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਨੇ ਰਾਜ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਜੋ ਮੀਟਿੰਗ ਸੱਦੀ ਸੀ, ਉਸ ਵਿੱਚ ਸਿਹਤ ਸਕੱਤਰ ਸਮੇਤ ਸਾਰੇ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਹਾਲਾਤ ਚਿੰਤਾਜਨਕ ਹੋਣ ਬਾਰੇ ਜਾਣਕਾਰੀ ਦਿੱਤੀ ਸੀ।

 

ਤਦ ਕੋਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਦੇ ਉਪਾਆ ਵੀ ਸੁਝਾਏ ਗਏ ਸਨ। ਉਂਝ ਰਾਤ ਦਾ ਕਰਫ਼ਿਊ ਲਾਉਣ ਦੀ ਜ਼ਿੰਮੇਵਾਰੀ ਸਬੰਧਤ ਡਿਪਟੀ ਕਮਿਸ਼ਨਰ ਉੱਤੇ ਛੱਡ ਦਿੱਤੀ ਗਈ ਹੈ।