ਆਖਰ ਜਾਗ ਹੀ ਪਈ ਸਰਕਾਰ! ਨਸ਼ਿਆਂ ਨਾਲ ਸਾਰੀਆਂ ਮੌਤਾਂ ਦਾ ਰਿਕਾਰਡ ਰੱਖਣ ਦਾ ਹੁਕਮ
ਏਬੀਪੀ ਸਾਂਝਾ | 17 Jul 2018 11:49 AM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਸ਼ਿਆਂ ਨਾਲ ਮੌਤਾਂ ਦਾ ਪੂਰਾ ਰਿਕਾਰਡ ਰੱਖਣ ਦਾ ਹੁਕਮ ਦਿੱਤਾ ਹੈ। ਹੁਣ ਤੱਕ ਪੁਲਿਸ ਨਸ਼ਿਆਂ ਨਾਲ ਮੌਤ ਸਬੰਧੀ ਸਾਰੇ ਮਾਮਲਿਆਂ ਦੀ ਐਫਆਈਆਰ ਦਰਜ ਨਹੀਂ ਕਰ ਰਹੀ ਸੀ। ਇਸ ਤਰ੍ਹਾਂ ਸਰਕਾਰੀ ਰਿਕਾਰਡ ਮੁਤਾਬਕ ਨਸ਼ਿਆਂ ਨਾਲ ਮੌਤਾਂ ਨਾ-ਮਾਤਰ ਹੀ ਸਨ। ਇਸ ਗੱਲ ਕਰਕੇ ਮੀਡੀਆ ਵਿੱਚ ਸਰਕਾਰ ਦੀ ਅਲੋਚਨਾ ਹੋ ਰਹੀ ਸੀ। ਇਸ ਲਈ ਨਸ਼ਿਆਂ ਖ਼ਿਲਾਫ਼ ਕਾਇਮ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਪੁਲਿਸ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਅਜਿਹੀ ਹਰੇਕ ਸ਼ੱਕੀ ਮੌਤ ਬਾਰੇ ਐਫ਼ਆਈਆਰ ਦਰਜ ਕੀਤੀ ਜਾਵੇ। ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੁਦਰਤੀ ਮੌਤ ਵਜੋਂ ਦਿਖਾ ਕੇ ਇਹ ਮਾਮਲਾ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਹੁਕਮ ਬੀਤੇ ਦੋ ਮਹੀਨਿਆਂ ਦੌਰਾਨ ਸੂਬੇ ਵਿੱਚ ਨਸ਼ਿਆਂ ਕਾਰਨ 50 ਤੋਂ ਵੱਧ ਮੌਤਾਂ ਹੋਣ ਦੇ ਮੱਦੇਨਜ਼ਰ ਦਿੱਤੇ ਗਏ ਹਨ। ਗ਼ੌਰਤਲਬ ਹੈ ਕਿ ਪੁਲਿਸ ਨੇ ਇਨ੍ਹਾਂ ਸਾਰੀਆਂ ਮੌਤਾਂ ਦਾ ਕਾਰਨ ਨਸ਼ਾ ਨਹੀਂ ਲਿਖਿਆ। ਇਹੋ ਕਾਰਨ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਇੱਥੋਂ ਤੱਕ ਦਾਅਵਾ ਕਰ ਗਏ ਕਿ ਨਸ਼ਿਆਂ ਕਾਰਨ ਸੂਬੇ ਵਿੱਚ ਮਹਿਜ਼ ਦੋ ਮੌਤਾਂ ਹੋਈਆਂ ਹਨ। ਐਸਟੀਐਫ਼ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਸਾਰੇ ਪੁਲਿਸ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਪੰਜ ਸਫ਼ਿਆਂ ਦੇ ਸਰਕੁਲਰ ਵਿੱਚ ਕਿਹਾ ਕਿ ਐਫ਼ਆਈਆਰ ਦਰਜ ਕਰਨ ਤੋਂ ਬਚਣ ਨਾਲ ਉਲਟਾ ਦੋਸ਼ੀਆਂ ਨੂੰ ਬਚ ਨਿਕਲਣ ਵਿੱਚ ਮਦਦ ਮਿਲ ਸਕਦੀ ਹੈ।