Hans Raj Hans: ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਤੇ ਗਾਇਕ ਹੰਸ ਰਾਜ ਹੰਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਥਿਤ ਧਮਕੀਆਂ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਵਿਰੁੱਧ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ‘ਤੇ ਆਪਣੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਬਦਸਲੂਕੀ ਕਰਨ, ਉਨ੍ਹਾਂ ਨੂੰ ਧਮਕੀਆਂ ਦੇਣ ਤੇ ਨਫ਼ਰਤ ਭਰੇ ਭਾਸ਼ਨ ਦੇਣ ਦੇ ਦੋਸ਼ ਲਾਏ ਗਏ ਹਨ। 


ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਫ਼ਰੀਦਕੋਟ ਦੇ ਪਿੰਡਾਂ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹ ਸਿਰਫ਼ ਗਾਇਕ ਹੰਸ ਹੀ ਨਹੀਂ, ਸਗੋਂ ਸੂਬੇ ਵਿੱਚ ਬੀਜੇਪੀ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਕਿਸਾਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


16 ਮਈ ਨੂੰ ਇਸ ਗਾਇਕ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਕਥਿਤ ਤੌਰ ‘ਤੇ ਕਿਸਾਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਉਨ੍ਹਾਂ ਨਾਲ ਨਜਿੱਠਿਆ ਜਾਵੇਗਾ। ਹੰਸ ਨੇ ਬਾਅਦ ਵਿਚ ਧਮਕੀਆਂ ਦੇਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ।


ਉਧਰ, ਕਿਸਾਨਾਂ ਦੇ ਧਰਨਿਆਂ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਭਾਜਪਾ ਦੇ ਸੂਬਾਈ ਪ੍ਰਧਾਨ ਜਾਖੜ ਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਬਿਆਨਾਂ ਸਮੇਤ ਕਿਸਾਨਾਂ ’ਤੇ ਹਮਲਿਆਂ ਦੀ ਨਿਖੇਧੀ ਕੀਤੀ। ਮੀਟਿੰਗ ਵਿੱਚ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਘੁਮਾਣਾ, ਜਸਵਿੰਦਰ ਲੌਂਗੋਵਾਲ, ਅਮਰਜੀਤ ਮੋਹੜੀ ਤੇ ਜੰਗ ਸਿੰਘ ਭਟੇੜੀ ਆਦਿ ਹਾਜ਼ਰ ਸਨ। 


ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਹੱਕ ਹੈ, ਪਰ ਕਿਸਾਨਾਂ ਦਾ ਸਵਾਲ ਅਜੇ ਵੀ ਉਹੀ ਹੈ ਕਿ ਹਰਿਆਣਾ ਸਰਕਾਰ ਗ੍ਰਿਫ਼ਤਾਰ ਕਿਸਾਨਾਂ ਨੂੰ ਕਦੋਂ ਰਿਹਾਅ ਕਰੇਗੀ। 


ਉਨ੍ਹਾਂ ਕਿਹਾ ਕਿ ਭਾਜਪਾ ਆਗੂ ਸੁਨੀਲ ਜਾਖੜ ਤੇ ਰਣਜੀਤ ਬਹਿਰਾਮ ਨੰਗਲ ਵੱਲੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਹੈ, ਇਹ ਭਾਜਪਾ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ’ਤੇ ਹਮਲਾ ਕਰਨ ਵਾਲੇ ਆਰਐਸਐਸ ਜਾਂ ਭਾਜਪਾ ਦੇ ਵਿਅਕਤੀ ਹਨ।