ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਦੀਆਂ ਡਿੱਗੀਆਂ ਤਿੰਨ ਵਿਕਟਾਂ
ਏਬੀਪੀ ਸਾਂਝਾ | 05 Mar 2019 05:02 PM (IST)
ਚੰਡੀਗੜ੍ਹ: ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਬ) ਲਈ ਵੱਕਾਰ ਦਾ ਸਵਾਲ ਹਨ। ਇਸ ਦੇ ਨਾਲ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਲਈ ਪਿਛਲੀਆਂ ਸੀਟਾਂ ਬਚਾਉਣੀਆਂ ਵੀ ਔਖੀਆਂ ਹੋ ਸਕਦੀਆਂ ਹਨ। ਇਸ ਦਾ ਕਾਰਨ ਅਕਾਲੀ ਦਲ ਦੇ ਦੋ ਸੰਸਦ ਮੈਂਬਰਾਂ ਤੇ ਇੱਕ ਰਾਜ ਸਭਾ ਮੈਂਬਰ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣਾ ਹੈ। ਇਸ ਵੇਲੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਬਾਗੀ ਹੋ ਚੁੱਕੇ ਹਨ। ਸੰਗਰੂਰ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਮੈਦਾਨ ਛੱਡ ਗਏ ਹਨ। ਇਨ੍ਹਾਂ ਤਿੰਨਾਂ ਲੀਡਰਾਂ ਦਾ ਆਪਣੇ ਹਲਕਿਆਂ ਵਿੱਚ ਵੱਡਾ ਆਧਾਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਇਨ੍ਹਾਂ ਹਲਕਿਆਂ ਵਿੱਚ ਵਿਰੋਧੀਆਂ ਨੂੰ ਟੱਕਰ ਨਹੀਂ ਦੇ ਸਕੇਗਾ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਘੁਬਾਇਆ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਨ। ਇਸ ਹਲਕੇ ਵਿੱਚੋਂ ਜਿੱਤਣ ਲਈ ਰਾਏ ਸਿੱਖਾਂ ਦੀ ਵੋਟ ਜ਼ਰੂਰੀ ਹੈ। ਇਸੇ ਤਰ੍ਹਾਂ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਪਾਰਟੀ ਨੂੰ ਇੱਥੇ ਵੀ ਘਾਟਾ ਸਹਿਣਾ ਪਏਗਾ। ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਵੱਖਰੀ ਪਾਰਟੀ ਬਣਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਏਗਾ। ਇਸ ਤੋਂ ਇਲਾਵਾ ਬੇਅਦਬੀ ਤੇ ਗੋਲੀ ਕਾਂਡ ਵਿੱਚ ਅਕਾਲੀ ਲੀਡਰਾਂ ਦਾ ਨਾਂ ਆਉਣ ਕਰਕੇ ਪਾਰਟੀ ਪ੍ਰਤੀ ਸਿੱਖਾਂ ਵਿੱਚ ਗੁੱਸਾ ਹੈ। ਅਜਿਹੇ ਵਿੱਚ ਲੋਕ ਸਭਾ ਚੋਣਾਂ ਅਕਾਲੀ ਦਲ ਲਈ ਔਖੀ ਘਾਟੀ ਹੀ ਸਾਬਤ ਹੁੰਦੀ ਨਜ਼ਰ ਆ ਰਹੀ।