Lok Sabha Election Result: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਤਸਵੀਰ ਲਗਪਗ ਸਾਫ ਨਜ਼ਰ ਆ ਰਹੀ ਹੈ। ਸੱਤਾਧਿਰ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਵੱਡਾ ਝਟਕਾ ਦਿੱਤਾ ਹੈ। ਦੁਪਹਿਰ 12 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਕਾਂਗਰਸ ਨੂੰ ਸੱਤ ਤੇ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਇੱਕ ਸੀਟ ਤੱਕ ਸਿਮਟਦਾ ਨਜ਼ਰ ਆ ਰਿਹਾ ਹੈ। ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹਦਾ ਨਜ਼ਰ ਆ ਰਿਹਾ। ਅਹਿਮ ਗੱਲ ਹੈ ਕਿ ਦੋ ਸੀਟਾਂ ਉਪਰ ਖਾਲਿਸਤਾਨ ਪੱਖੀ ਵਿਚਾਰਧਾਰਾ ਦੇ ਉਮੀਦਵਾਰ ਜਿੱਤਦੇ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ ਪਰ ਇਸ ਵੇਲੇ ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ ਅੱਗੇ ਚੱਲ ਰਹੇ ਹਨ। ਦੋਵੇਂ ਉਮੀਦਵਾਰਾਂ ਦੀ ਵੱਡੀ ਲੀਡ ਹੈ। ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
 
ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਜਪਾ ਦੇ ਰਵਨੀਤ ਬਿੱਟੂ, ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਤੇ ਖਡੂਰ ਸਾਹਿਬ ਤੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ 'ਤੇ ਟਿਕੀਆਂ ਹੋਈਆਂ ਹਨ। ਸੂਬੇ ਵਿਚ ਕਈ ਸਾਲਾਂ ਬਾਅਦ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਹਨ।