Lok Sabha Election 2024: ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਾ ਕੰਮ ਭਲਕੇ ਮੁਕੰਮਲ ਹੋ ਜਾਏਗਾ। ਦੇਸ਼ ਦੀ ਜਨਤਾ ਆਗਲੀ ਸਰਕਾਰ ਚੁਣ ਕੇ ਆਪਣਾ ਫੈਸਲਾ ਈਵੀਐਮ ਵਿੱਚ ਪਾ ਦੇਵੇਗੀ ਜਿਸ ਦਾ ਐਲਾਨ 4 ਜੂਨ ਨੂੰ ਹੋਏਗਾ। ਭਲਕੇ ਇੱਕ ਜੂਨ ਨੂੰ ਸੱਤਵੇਂ ਤੇ ਅੰਤਿਮ ਗੇੜ ਦੀਆਂ ਵੋਟਾਂ ਪੈਣਗੀਆਂ। ਸੱਤਵੇਂ ਗੇੜ ਵਿੱਚ ਪੰਜਾਬ ਦੀਆਂ 13 ਲੋਕ ਸਭਾ ਹਲਕਿਆਂ ਸਣੇ ਕੁੱਲ 57 ਸੀਟਾਂ ਉਪਰ ਵੋਟਾਂ ਪੈਣਗੀਆਂ। ਇਸ ਵਾਰ ਪੰਜਾਬ ਦੀਆਂ 13 ਸੀਟਾਂ ’ਤੇ ਕੁੱਲ 328 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਕਰੀਬ 13 ਦਿਨਾਂ ਤੋਂ ਪ੍ਰਚਾਰ ਭਖਾਇਆ ਹੋਇਆ ਸੀ। ਚੋਣ ਮੈਦਾਨ ਵਿੱਚ 26 ਔਰਤਾਂ ਵੀ ਹਨ। ।



ਚੋਣ ਕਮਿਸ਼ਨ ਮੁਤਾਬਕ 7ਵੇਂ ਤੇ ਅੰਤਿਮ ਗੇੜ ਤਹਿਤ ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 57 ਸੀਟਾਂ ’ਤੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ ਨੂੰ ਬੰਦ ਹੋ ਗਿਆ ਸੀ। ਅੰਤਿਮ ਗੇੜ ਤਹਿਤ ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ ਅੱਠ, ਉੜੀਸਾ ਦੀਆਂ ਛੇ ਤੇ ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਇਸ ਤੋਂ ਇਲਾਵਾ ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਵੀ ਪਹਿਲੀ ਜੂਨ ਨੂੰ ਹੋਵੇਗੀ।



ਦੱਸ ਦਈਏ ਕਿ 28 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਲੀਆਂ 486 ਸੀਟਾਂ ’ਤੇ ਵੋਟਿੰਗ ਪਹਿਲਾਂ ਹੀ ਹੋ ਚੁੱਕੀ ਹੈ। ਪਹਿਲੇ ਛੇ ਗੇੜਾਂ ਵਿੱਚ ਵੋਟਿੰਗ ਫੀਸਦ 66.14, 66.71, 65.68, 69.16, 62.2 ਤੇ 63.36 ਫੀਸਦ ਰਹੀ ਸੀ। ਹੁਣ ਵੇਖਣਾ ਹੋਏਗਾ ਕਿ ਅੰਤਿਮ ਗੇੜ ਵਿੱਚ ਕਿੰਨੇ ਫੀਸਦੀ ਵੋਟ ਪੈਂਦੀ ਹੈ। ਇਸ ਵਾਰ ਚੋਣ ਕਮਿਸ਼ਨ ਵੋਟ ਫੀਸਦੀ ਵਧਾਉਣ ਲਈ ਕਈ ਉਪਰਾਲੇ ਕਰ ਰਿਹਾ ਹੈ।


ਲੋਕ ਸਭਾ ਚੋਣਾਂ ਦੇ ਅੰਤਿਮ ਗੇੜ ਦਾ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਜਿੱਥੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਕਾਂਗਰਸ ਤੇ ‘ਇੰਡੀਆ’ ਗੱਠਜੋੜ ’ਤੇ ਭ੍ਰਿਸ਼ਟ, ਹਿੰਦੂ ਵਿਰੋਧੀ ਹੋਣ ਤੇ ਲੁੱਟ, ਤੁਸ਼ਟੀਕਰਨ ਤੇ ਵੰਸ਼ਵਾਦ ਦੀ ਰਾਜਨੀਤੀ ’ਚ ਸ਼ਾਮਲ ਹੋਣ ਦੇ ਦੋਸ਼ ਲਗਾਏ, ਉੱਥੇ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਭਾਜਪਾ ਕਿਸਾਨ ਵਿਰੋਧੀ ਤੇ ਨੌਜਵਾਨ ਵਿਰੋਧੀ ਹੈ ਤੇ ਜੇਕਰ ਇਹ ਚੋਣਾਂ ਵਿੱਚ ਜਿੱਤ ਜਾਂਦੀ ਹੈ ਤਾਂ ਸੰਵਿਧਾਨ ਨੂੰ ਰੱਦ ਕਰ ਦੇਵੇਗੀ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।