ਬਠਿੰਡਾ: ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ ਨਵਜੋਤ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਸੀਟ 'ਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ਤੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਬਾਦਲਾਂ ਦੇ ਗੜ੍ਹ ਵਿੱਚ ਬੇਅਦਬੀ ਦਾ ਮੁੱਦਾ ਚੁੱਕਿਆ ਤੇ ਬਰਗਾੜੀ ਵਿੱਚ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀ ਕਾਂਡ ਲਈ ਸਿੱਧੇ ਤੌਰ 'ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।


ਬੇਅਦਬੀ ਮੁੱਦੇ ਤੋਂ ਇਲਾਵਾ ਸਿੱਧੂ ਨੇ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਬਾਰੇ ਵੀ ਗੱਲ ਕੀਤੀ। ਬਿਕਰਮ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, 'ਉਸ ਨੂੰ ਵੀ ਠੋਕ ਦਿਓ।' ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਆਪਣੀ ਤੱਕੜੀ ਨਾਲ ਤੋਲ ਕੇ ਵੇਚ ਦਿੱਤਾ। ਬਾਦਲਾਂ ਦੇ ਆਪਣਾ ਟਰਾਂਸਪੋਰਟ ਕਾਰੋਬਾਰ ਖੜ੍ਹਾ ਕਰਨ ਕਰਕੇ PRTC ਟਰਾਂਸਪੋਰਟ ਨੂੰ ਵੱਡਾ ਘਾਟਾ ਹੋਇਆ। ਉਨ੍ਹਾਂ ਦੱਸਿਆ ਕਿ ਬਾਦਲਾਂ ਨੇ ਸਨਦੀਪ ਤੇ ਮਧੋਕ ਟਰਾਂਸਪੋਰਟ ਨੂੰ ਜ਼ਬਰਦਸਤੀ ਖਰੀਦਿਆ ਤੇ ਦੀਪਕ ਢਾਬੇ 'ਤੇ ਵੀ ਆਪਣਾ ਕਬਜ਼ਾ ਕਰ ਲਿਆ।

ਸਿੱਧੂ ਨੇ ਇਲਜ਼ਾਮ ਲਾਇਆ ਕਿ ਬਾਦਲ ਵੱਡੇ ਕਾਰੋਬਾਰੀ ਹਨ ਜਿਨ੍ਹਾਂ ਪੰਜਾਬ ਵਿੱਚ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਸੈੱਟ ਕਰ ਲਿਆ ਹੈ। ਉਨ੍ਹਾਂ ਇੱਕ ਤਰ੍ਹਾਂ ਦਾ ਦੋਸਤਾਨਾ ਮੈਚ ਖੇਡਿਆ ਹੈ। ਇਸ ਤੋਂ ਇਲਾਵਾ ਸਿੱਧੂ ਨੇ ਪੀਐਮ ਮੋਦੀ ਨੂੰ ਵੀ ਵਾਅਦਾਖ਼ਿਲਾਫ਼ੀ ਬਾਰੇ ਆੜੇ ਹੱਥੀਂ ਲਿਆ। ਉਨ੍ਹਾਂ ਸਟੇਜ 'ਤੇ 'ਵਾਅਦਾ ਤੇਰਾ ਵਾਅਦਾ' ਗੀਤ 'ਤੇ ਡਾਂਸ ਵੀ ਕੀਤਾ। ਧਿਆਨ ਦੇਣ ਵਾਲੀ ਗੱਲ ਇਹ ਰਹੀ ਕਿ ਹਾਲ ਹੀ ਵਿੱਚ ਸਿੱਧੂ ਕਈ ਰੈਲੀਆਂ ਵਿੱਚ ਕੈਪਟਨ ਖਿਲਾਫ ਗੱਲਾਂ ਕਰ ਰਹੇ ਹਨ, ਪਰ ਇੱਥੇ ਉਨ੍ਹਾਂ ਸਿਰਫ ਬਾਦਲਾਂ ਨੂੰ ਟਾਰਗੇਟ ਕੀਤਾ।