ਚੰਡੀਗੜ੍ਹ: ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਨਾਮਜ਼ਦਗੀਆਂ ਦਾ ਕੰਮ ਨਿੱਬੜ ਗਿਆ ਹੈ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਤਿਆਰ ਹੈ। ਕੁੱਲ 278 ਉਮੀਦਵਾਰ ਆਪਣੀ-ਆਪਣੀ ਸੀਟ 'ਤੇ ਵਿਰੋਧੀਆਂ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਾ ਰਹੇ ਹਨ। ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ-ਬੀਜੇਪੀ ਗਠਜੋੜ ਤੇ ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਤੋਂ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਕਾਂਗਰਸ ਨੇ ਤਾਂ ਇਸ ਨੂੰ 'ਮਿਸ਼ਨ 13' ਦਾ ਨਾਂ ਤਕ ਦੇ ਦਿੱਤਾ ਹੈ। ਉੱਧਰ ਅਕਾਲੀ ਦਲ ਤੇ 'ਆਪ' ਕਾਂਗਰਸ ਦੀਆਂ ਨਾਕਾਮੀਆਂ ਗਿਣਾ ਕੇ ਚੋਣ ਜਿੱਤਣ ਦੇ ਸੁਫਨੇ ਲੈ ਰਹੀਆਂ ਹਨ।
ਤਿੰਨਾਂ ਮੁੱਖ ਪਾਰਟੀਆਂ ਦੇ ਦਾਅਵਿਆਂ ਦਾ ਜੇ ਹਲਕੇਵਾਰ ਵਿਸ਼ਲੇਸ਼ਣ ਕੀਤਾ ਜਾਏ ਤਾਂ ਇੰਨਾ ਸਾਫ ਹੈ ਕਿ ਕੋਈ ਵੀ ਦਲ ਕਲੀਨ ਸਵੀਪ ਕਰਨ ਦੀ ਹਾਲਤ ਵਿੱਚ ਨਹੀਂ ਤੇ ਨਾ ਹੀ ਸੂਬੇ ਵਿੱਚ ਕਿਸੇ ਪਾਰਟੀ ਦੇ ਸਮਰਥਨ ਵਿੱਚ ਕੋਈ ਲਹਿਰ ਚੱਲ ਰਹੀ ਹੈ। ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੀਆਂ ਉਪਲੱਬਧੀਆਂ ਗਿਣਾਉਣ ਦੇ ਨਾਲ-ਨਾਲ ਅਕਾਲੀ ਦਲ ਨੂੰ ਬੇਅਦਬੀ ਤੇ ਬਰਗਾੜੀ ਕਾਂਡ ਦਾ ਸਹਾਰਾ ਲੈ ਕੇ ਪਿਛਾੜਣ ਦੀ ਯੋਜਨਾ ਬਣਾ ਰਹੀ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦਾ ਮੈਨੀਫੈਸਟੋ ਹੀ ਕਾਂਗਰਸ ਦੇ ਗਲ ਦੀ ਹੱਡੀ ਬਣ ਰਿਹਾ ਹੈ। ਹਾਲੇ ਤਕ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਨਹੀਂ ਕੀਤੇ। ਸਰਕਾਰ ਕੋਲ ਤਾਂ ਖ਼ਜ਼ਾਨਾ ਹੀ ਨਹੀਂ।
ਅਕਾਲੀ ਦਲ ਦੀ ਜੇ ਗੱਲ ਕੀਤੀ ਜਾਏ ਤਾਂ ਉਸ ਦੀ ਭਾਈਵਾਲ ਪਾਰਟੀ ਬੀਜੇਪੀ ਕੋਲ ਪੀਐਮ ਮੋਦੀ ਦੀ ਸਰਕਾਰ ਦੀਆਂ ਉਪਲੱਬਧੀਆਂ ਦਾ ਹਵਾਲਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ। ਉਂਞ 19 ਮਈ ਨੂੰ ਵੋਟਾਂ ਤੋਂ ਪਹਿਲਾਂ ਪੀਐਮ ਨਰੇਂਦਰ ਮੋਦੀ ਦੇ ਪੰਜਾਬ ਦੇ ਦੌਰੇ ਦੀ ਤਿਆਰੀ ਹੈ। ਇਸ ਤੋਂ ਅਕਾਲੀ-ਬੀਜੇਪੀ ਗਠਜੋੜ ਨੂੰ ਥੋੜ੍ਹੀ ਆਸ ਬਚੀ ਹੈ।
ਪੰਜਾਬ ਦੀਆਂ 13 ਸੀਟਾਂ ਵਿੱਚੋਂ ਪੰਜ ਸੀਟਾਂ 'ਤੇ ਵੀਵੀਆਈਪੀ ਸ਼ਖ਼ਸੀਅਤਾਂ ਚੋਣਾਂ ਲੜ ਰਹੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਮੁੱਖ ਸੀਟ ਬਠਿੰਡਾ ਹੈ, ਜਿੱਥੋਂ ਅਕਾਲੀ ਦਲ ਦੀ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਮੌਜੂਦਾ ਵਿਧਾਇਕ ਰਾਜਾ ਵੜਿੰਗ (ਕਾਂਗਰਸ), ਬਲਜਿੰਦਰ ਕੌਰ (ਆਪ) ਤੇ ਸੁਖਪਾਲ ਸਿੰਘ ਖਹਿਰਾ (ਪੰਜਾਬ ਜਮਹੂਰੀ ਗਠਜੋੜ) ਚੁਣੌਤੀ ਦੇ ਰਹੇ ਹਨ।
ਦੂਜੀ ਸੀਟ ਫਿਰੋਜ਼ਪੁਰ ਹੈ। ਇੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਸਾਬਕਾ ਸੀਨੀਅਰ ਲੀਡਰ ਤੇ ਦੋ ਵਾਰ ਇਸੇ ਸੀਟ ਤੋਂ ਸਾਂਸਦ ਰਹੇ ਸ਼ੇਰ ਸਿੰਘ ਘੁਬਾਇਆ ਚੁਣੌਤੀ ਦੇ ਰਹੇ ਹਨ। ਇਸ ਸੀਟ 'ਤੇ ਬੀਤੇ 25 ਸਾਲਾਂ ਤੋਂ ਅਕਾਲੀਆਂ ਦਾ ਹੀ ਕਬਜ਼ਾ ਰਿਹਾ ਹੈ, ਪਰ ਇਸ ਵਾਰ ਤਾਂ ਮੁਕਾਬਲਾ ਹੀ ਦੋ ਅਕਾਲੀਆਂ ਵਿੱਚ ਹੋ ਰਿਹਾ ਹੈ ਜੋ ਬੇਹੱਦ ਸਖ਼ਤ ਤੇ ਦਿਲਚਸਪ ਰਹੇਗਾ।
ਤੀਜੀ ਅਹਿਮ ਸੀਟ ਸੰਗਰੂਰ ਹੈ ਜਿੱਥੇ ਆਪ ਦੇ ਸੂਬਾ ਪ੍ਰਧਾਨ ਤੇ ਮੌਜੂਦਾ ਸਾਂਸਦ ਭਗਵੰਚ ਮਾਨ ਨੂੰ ਕਾਂਗਰਸ ਦੇ ਸਭ ਤੋਂ ਅਮੀਰ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਅਕਾਲੀਆਂ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਚੁਣੌਤੀ ਦੇ ਰਹੇ ਹਨ। ਇਹ ਸੀਟ ਭਗਵੰਤ ਮਾਨ ਦੇ ਨਾਲ-ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਜੂਦ ਦਾ ਵੀ ਫੈਸਲਾ ਕਰੇਗੀ।
ਚੌਥੀ ਹੌਟ ਸੀਟ ਗੁਰਦਾਸਪੁਰ ਹੈ। ਇੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਬੀਜੇਪੀ ਉਮੀਦਵਾਰ ਤੇ ਫਿਲਮ ਅਦਾਕਾਰ ਸੰਨੀ ਦਿਓਲ ਚੋਣ ਅਖਾੜੇ ਵਿੱਚ ਹਨ। ਸੰਨੀ ਦੇ ਆਉਣ ਨਾਲ ਮੁਕਾਬਲਾ ਕਾਫੀ ਰੋਮਾਂਚਕ ਹੋ ਗਿਆ ਹੈ।
ਪੰਜਵੀਂ ਤੇ ਆਖ਼ਰੀ ਸੀਟ ਸ਼ਾਹੀ ਸ਼ਹਿਰ ਪਟਿਆਲਾ ਹੈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਮੁਕਾਬਲਾ ਅਕਾਲੀ ਉਮੀਦਵਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨਾਲ ਹੋਏਗਾ।
ਕੈਪਟਨ ਦੇ 'ਮਿਸ਼ਨ 13' ਨੂੰ ਵੱਡੀ ਵੰਗਾਰ, ਪੰਜ 'ਹੌਟ' ਸੀਟਾਂ 'ਤੇ ਫਸੇ ਸਿੰਙ
ਏਬੀਪੀ ਸਾਂਝਾ
Updated at:
06 May 2019 02:29 PM (IST)
ਤਿੰਨਾਂ ਮੁੱਖ ਪਾਰਟੀਆਂ ਦੇ ਦਾਅਵਿਆਂ ਦਾ ਜੇ ਹਲਕੇਵਾਰ ਵਿਸ਼ਲੇਸ਼ਣ ਕੀਤਾ ਜਾਏ ਤਾਂ ਇੰਨਾ ਸਾਫ ਹੈ ਕਿ ਕੋਈ ਵੀ ਦਲ ਕਲੀਨ ਸਵੀਪ ਕਰਨ ਦੀ ਹਾਲਤ ਵਿੱਚ ਨਹੀਂ ਤੇ ਨਾ ਹੀ ਸੂਬੇ ਵਿੱਚ ਕਿਸੇ ਪਾਰਟੀ ਦੇ ਸਮਰਥਨ ਵਿੱਚ ਕੋਈ ਲਹਿਰ ਚੱਲ ਰਹੀ ਹੈ। ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੀਆਂ ਉਪਲੱਬਧੀਆਂ ਗਿਣਾਉਣ ਦੇ ਨਾਲ-ਨਾਲ ਅਕਾਲੀ ਦਲ ਨੂੰ ਬੇਅਦਬੀ ਤੇ ਬਰਗਾੜੀ ਕਾਂਡ ਦਾ ਸਹਾਰਾ ਲੈ ਕੇ ਪਿਛਾੜਣ ਦੀ ਯੋਜਨਾ ਬਣਾ ਰਹੀ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦਾ ਮੈਨੀਫੈਸਟੋ ਹੀ ਕਾਂਗਰਸ ਦੇ ਗਲ ਦੀ ਹੱਡੀ ਬਣ ਰਿਹਾ ਹੈ।
- - - - - - - - - Advertisement - - - - - - - - -