Punjab News: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਐਨਡੀਏ ਦਾ ਸਾਹਮਣਾ ਕਰਨ ਲਈ ਵਿਰੋਧੀ ਧਿਰਾਂ ਵੱਲੋਂ ਨਵਾਂ ਗੱਠਜੋੜ ਬਣਾਇਆ ਗਿਆ ਹੈ ਜਿਸ ਨੂੰ INDIA ਦਾ ਨਾਂਅ ਦਿੱਤਾ ਗਿਆ ਹੈ ਪਰ ਲੋਕਾਂ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰਾਂ ਵਿਚਾਲੇ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਲੀਡਰ ਇਸ ਗੱਠਜੋੜ ਨੂੰ ਲੈ ਕੇ ਪਹਿਲਾਂ ਵੀ ਵਿਰੋਧ ਜਤਾ ਚੁੱਕੇ ਹਨ ਤੇ ਹੁਣ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਹੁਣ ਇਹ ਮੁੱਦਾ ਹੋਰ ਗਰਮਾ ਗਿਆ ਹੈ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕੱਠੇ ਚੋਣਾਂ ਲੜਣ ਤੇ ਜਿੱਤਣ ਦੀ ਗੱਲ ਕਹੀ ਗਈ ਹੈ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਇਹ ਗੱਠਜੋੜ ਚਰਚਾ ਵਿੱਚ ਆ ਗਿਆ ਹੈ। ਇਹ ਵੀ ਯਾਦ ਕਰਵਾ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰਾ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਦਾ ਵਿਰੋਧ ਕਰ ਚੁੱਕੇ ਹਨ। ਹਾਲਾਂਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਲੋਕਤੰਤਰ ਨੂੰ ਬਚਾਉਣ ਲਈ ਮਾਮੂਲੀ ਰੋਸੇ ਭੁਲਾ ਦੇਣਾ ਚਾਹੀਦੇ ਹਨ ਪਰ ਸੈਰ ਸਪਾਟਾ ਮੰਤਰੀ ਨੇ ਦੂਜੇ ਪਾਸੇ ਇਕੱਲੇ ਚੋਣਾਂ ਲੜਣ ਤੇ ਜਿੱਤਣ ਦੀ ਗੱਲ ਕਹੀ ਹੈ।


ਗ਼ੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦਾ ਇੱਕ ਧੜਾ ਇਹੋ ਜਿਹਾ ਵੀ ਹੈ ਜੋ ਆਮ ਆਦਮੀ ਪਾਰਟੀ ਨਾਲ ਸਮਝੌਤੇ ਨੂੰ ਕੇ ਰਾਜੀ ਹੋ ਗਿਆ ਹੈ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਤੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਨਾਲ ਸਹਿਮਤ ਹੋਣਾ ਚਾਹੀਦਾ ਹੈ। ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੋ ਪਾਰਟੀ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹਨ ਉਨ੍ਹਾਂ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


ਜੇ ਸਿਆਸੀ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਦਿੱਲੀ ਹਾਈਕਮਾਂਡ ਮੁੜ ਤੋਂ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਸੱਦ ਕੇ ਇਸ ਮੁੱਦੇ ਉੱਤੇ ਗੱਲਬਾਤ ਕਰ ਸਕਦੀ ਹੈ ਕਿਉਂਕਿ ਇਸ ਬਾਰੇ ਆਖ਼ਰੀ ਫ਼ੈਸਲਾ ਹਾਈਕਮਾਂਡ ਨੇ ਹੀ ਲੈਣਾ ਹੈ। ਹਾਈਕਮਾਂਡ ਲਈ ਇਹ ਫ਼ੈਸਲਾ ਲੈਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਬੂਥ ਪੱਧਰ ਦੇ ਵਰਕਰਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਇਹ ਤਾਂ ਆਉਣ ਵਾਲਾ ਵਖ਼ਤ ਹੀ ਦੱਸੇਗਾ ਕਿ ਊਠ ਕਿਹੜੇ ਪਾਸੇ ਬਹਿੰਦਾ ਹੈ ਪਰ ਹਾਲ ਦੀ ਘੜੀ ਇਹ ਕਲੇਸ਼ ਐਨਡੀਏ ਲਈ ਸੁੱਖ ਦੇ ਸਾਹ ਵਾਲਾ ਹੈ।