ਜਲੰਧਰ: ਬੀਤੀ ਦੇਰ ਰਾਤ ਗੱਡੀਆਂ ਲੁੱਟਣ ਵਾਲੇ ਗਰੋਹ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੇੜੇ ਗੱਡੀ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਵਾਰਦਾਤ ਤੋਂ ਬਾਅਦ ਜਲੰਧਰ 'ਚ ਇਨ੍ਹਾਂ ਦਾ ਮੁਕਾਬਲਾ ਪੁਲਿਸ ਨਾਲ ਹੋਇਆ। ਮੁਕਾਬਲੇ ਵਿੱਚ ਚਾਰ 'ਚੋਂ ਤਿੰਨ ਲੁਟੇਰੇ ਭੱਜ ਗਏ ਤੇ ਇੱਕ ਨੂੰ ਪੁਲਿਸ ਨੇ ਗੱਡੀ ਸਮੇਤ ਕਾਬੂ ਕਰ ਲਿਆ। ਇਸ ਘਟਨਾ ਤੋਂ ਬਾਅਦ ਜਲੰਧਰ ਜ਼ੋਨ ਦੇ ਆਈ.ਜੀ. ਅਰਪਿਤ ਸ਼ੁਕਲਾ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਤੇ ਦੋ ਨੂੰ ਨਕਦ ਇਨਾਮ ਨਾਲ ਸਨਮਾਨਤ ਕੀਤਾ। ਫੜੇ ਗਏ ਗੁੰਡੇ ਦੀ ਪਛਾਣ ਜਲੰਧਰ ਦੇ ਪਵਨ ਕੁਮਾਰ ਵਜੋਂ ਹੋਈ ਹੈ। ਉਸ 'ਤੇ ਪਹਿਲਾਂ ਤੋਂ ਹੀ ਚਾਰ ਕੇਸ ਦਰਜ ਹਨ। ਭੱਜਣ ਵਾਲੇ ਮੁਲਜ਼ਮਾਂ 'ਚ ਮਨਦੀਪ ਸਿੰਘ, ਅਰਜਨ ਸਹਿਗਲ ਤੇ ਜੁਗਰਾਜ ਸਿੰਘ ਸ਼ਾਮਲ ਹਨ। ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਬ ਇੰਸਪੈਕਟਰ ਬਿਕਰਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਤੇ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਏ.ਐਸ.ਆਈ. ਨਿਰਮਲ ਸਿੰਘ ਨੂੰ ਸਬ-ਇੰਸਪੈਕਟਰ, ਮੁੱਖ ਸਿਪਾਹੀ ਅਰਮਜੀਤ ਸਿੰਘ ਤੇ ਸਿਪਾਹੀ ਗੁਰਪ੍ਰੀਤ ਸਿੰਘ ਨੂੰ ਵੀ ਤਰੱਕੀ ਦਿੱਤੀ ਗਈ। ਸਿਪਾਹੀ ਧਰਮਵੀਰ ਨੂੰ 10 ਹਜ਼ਾਰ ਦਾ ਇਨਾਮ ਅਤੇ ਸਰਟੀਫਿਕੇਟ ਦਿੱਤਾ ਗਿਆ।