ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ‘ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੀੜਤ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ ਹੈ। 


ਮ੍ਰਿਤਕ ਦੀ ਭੈਣ ਚਾਰੂ ਸਿੰਗਲਾ ਨੇ ਦੱਸਿਆ ਕਿ ਉਸ ਦਾ ਭਰਾ ਸਰੀ ਵਿੱਚ ਕਾਰਾਂ ਵੇਚਣ ਵਾਲੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਪਰਿਵਾਰ ਨੂੰ ਨਹੀਂ ਪਤਾ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ। ਗੋਇਲ ਦੇ ਜੀਜੇ ਬਵਨਦੀਪ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਠੀਕ ਪਹਿਲਾਂ ਯੁਵਰਾਜ ਭਾਰਤ ’ਚ ਰਹਿ ਰਹੀ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। 


ਪੁਲਿਸ ਮੁਤਾਬਕ ਚਾਰ ਮਸ਼ਕੂਕਾਂ ਮਨਵੀਰ ਬਸਰਾ (23), ਸਾਹਿਬ ਬਸਰਾ (20), ਸਰੀ ਦੇ ਹਰਕੀਰਤ (23) ਤੇ ਓਨਟਾਰੀਓ ਦੇ ਕੇਲੋਨ ਫਰੈਂਕੋਇਸ (20) ਨੂੰ ਗੋਲੀਬਾਰੀ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। 


ਦੱਸ ਦਈਏ ਕਿ ਲੰਘੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਲੁਧਿਆਣਾ ਨਾਲ ਸਬੰਧਤ ਨੌਜਵਾਨ ਯੁਵਰਾਜ ਗੋਇਲ (28) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰਿਵਾਰ ਦੇ ਕੁਝ ਦੋਸਤਾਂ-ਮਿੱਤਰਾਂ ਮੁਤਾਬਕ ਕੈਨੇਡੀਅਨ ਪੁਲਿਸ ਨੇ ਇਸ ਨੂੰ ‘ਗ਼ਲਤ ਪਛਾਣ’ ਨਾਲ ਜੁੜਿਆ ਮਾਮਲਾ ਦੱਸਿਆ ਹੈ। ਹਾਸਲ ਜਾਣਕਾਰੀ ਅਨੁਸਾਰ ਯੁਵਰਾਜ ਜਿਮ ਤੋਂ ਪਰਤਦਿਆਂ ਫੋਨ ’ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੀ ਪਾਰਕਿੰਗ ਕੋਲ ਪੁੱਜਾ ਤਾਂ ਉਸ ਨੇ ਫੋਨ ਕੱਟ ਦਿੱਤਾ। 


ਪੁਲਿਸ ਮੁਤਾਬਕ ਕੁਝ ਸਮੇਂ ਬਾਅਦ ਕਿਸੇ ਨੇ ਯੁਵਰਾਜ ਨੂੰ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਉਹ ਇਸ ਵਿੱਚ ਰਹਿੰਦਾ ਹੈ, ਜਿਵੇਂ ਹੀ ਉਸ ਨੇ ‘ਹਾਂ’ ਕਿਹਾ ਤਾਂ ਉਸ ਦੇ ਛੇ ਗੋਲੀਆਂ ਮਾਰੀਆਂ ਗਈਆਂ। ਯੁਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਘਟਨਾ ਮੌਕੇ ਯੁਵਰਾਜ ਦੇ ਫੋਨ ਦੀ ਰਿਕਾਰਡਿੰਗ ਚਾਲੂ ਸੀ, ਜਿਸ ਕਰਕੇ ਮੌਕੇ ’ਤੇ ਹੋਈ ਗੱਲਬਾਤ ਬਾਰੇ ਪਤਾ ਲੱਗ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।