ਲੁਧਿਆਣਾ: ਸਥਾਨਕ ਦੁਗਰੀ ਫੇਜ਼-1 ਵਿੱਚ ਆਰਕੀਟੈਕਟ ਮਨਦੀਪ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮ ਗੁਰਵਿੰਦਰ ਸਿੰਘ (27) ਤੇ ਉਸਦੇ ਸਾਥੀ ਅਮਨਪਾਲ (42) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵੀਰਵਾਰ ਨੂੰ ਹੋਏ ਕਤਲ ਵਿੱਚ ਇਸਤੇਮਾਲ ਕੀਤਾ ਰਿਵਾਲਵਰ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਸੁਪਾਰੀ ਦੇਣ ਵਾਲੇ ਮਾਸਟਰਮਾਈਂਡ ਬਲਵਿੰਦਰ ਸਿੰਘ ਅਜੇ ਫਰਾਰ ਹੈ।ਬਲਵਿੰਦਰ ਸਿੰਘ ਨੂੰ ਆਪਣੀ ਪਤਨੀ ਉੱਪਰ ਮ੍ਰਿਤਕ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ, ਜਿਸ ਕਾਰਨ ਉਸ ਨੇ ਬਦਲਾ ਲੈਣ ਦੀ ਠਾਣੀ। ਪੁਲਿਸ ਨੇ ਮੁਲਜ਼ਮ ਦੀ ਪਛਾਣ ਸੀਸੀਟੀਵੀ ਫੁਟੇਜ ਤੋਂ ਕੀਤੀ। ਇਸ ਪਿੱਛੋਂ ਮੋਬਾਈਲ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਦੁਗਰੀ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ।

ਬਦਲਾ ਲੈਣ ਲਈ ਕਰਵਾਇਆ ਸੀ ਕਤਲ

ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਮੁਤਾਬਕ ਹਾਰਡਵੇਅਰ ਡਿਪਲੋਮਾ ਹੋਲਡਰ ਗੁਰਵਿੰਦਰ ਨੇ ਦੱਸਿਆ ਕਿ ਉਹ ਦੁਰਗੀ ਵਿੱਚ ਹੀ ਨੌਕਰੀ ਕਰਦਾ ਹੈ। ਉਸਦਾ ਸਾਥੀ ਅਮਨਪਾਲ ਇੱਕ ਟੈਕਸੀ ਡਰਾਈਵਰ ਹੈ। ਗੁਰਵਿੰਦਰ ਮੁਤਾਬਕ ਉਹ ਅਕਸਰ ਬਲਵਿੰਦਰ ਨਾਲ ਬੈਠ ਕੇ ਸ਼ਰਾਬ ਪੀਂਦੇ ਹੁੰਦਾ ਸੀ। ਬਲਵਿੰਦਰ ਨੂੰ ਪਤਾ ਸੀ ਕਿ ਗੁਰਵਿੰਦਰ ਦੀ ਪ੍ਰੇਮਿਕਾ ਹੈ ਤੇ ਉਹ ਉਸ ਨਾਲ ਧੂਮਧਾਮ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਗੁਰਵਿੰਦਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ।

15 ਲੱਖ ਚ ਦਿੱਤੀ ਫਿਰੌਤੀ

ਇਸ ਲਈ ਉਸਨੇ ਕਤਲ ਕਰਨ ਦਾ ਸੌਦਾ ਕਰ ਲਿਆ। ਬਲਵਿੰਦਰ ਨੇ ਮੁਲਜ਼ਮ ਗੁਰਵਿੰਦਰ ਨੂੰ ਵਾਰਦਾਤ ਪਿੱਛੋਂ 5 ਲੱਖ ਰੁਪਏ ਤੇ ਬਾਕੀ 10 ਲੱਖ ਰੁਪਏ ਇੱਕ ਸਾਲ ਦੀਆਂ ਕਿਸ਼ਤਾਂ ਵਿੱਚ ਦੇਣੇ ਸੀ। ਅਜੇ ਉਸਨੂੰ ਸਿਰਫ 22 ਹਜ਼ਾਰ ਰੁਪਏ ਹੀ ਦਿੱਤੇ ਗਏ ਸਨ। ਬਲਵਿੰਦਰ ਸਿੰਘ ਆਰਕੀਟੈਕਟ ਮਨਦੀਪ ਤੋਂ ਬਦਲਾ ਲੈਣਾ ਚਾਹੁੰਦਾ ਸੀ ਕਿਉਂਕਿ ਉਸਦੇ ਉਸਦੀ ਪਤਨੀ ਨਾਲ ਸਬੰਦ ਸੀ। ਵੀਰਵਾਰ ਸਵੇਰੇ 10:30 ਵਜੇ ਉਸਨੇ ਮਨਦੀਪ ਨੂੰ ਗੋਲ਼ੀ ਮਾਰ ਦਿੱਤੀ।

ਕਤਲ ਲਈ ਚੋਰੀ ਕੀਤਾ ਪਿਸਤੌਲ, ਗੰਨ ਹਾਊਸ ਤੋਂ ਲਈ ਟ੍ਰੇਨਿੰਗ

ਗੁਰਵਿੰਦਰ ਤੇ ਉਸਦੀ ਪ੍ਰੇਮਿਕਾ ਦਾ 14 ਅਕਤੂਬਰ ਨੂੰ ਵਿਆਹ ਹੋਣਾ ਸੀ। ਸੌਦਾ ਤੈਅ ਹੋਣ ’ਤੇ ਗੁਰਵਿੰਦਰ ਨੇ ਮਨਦੀਪ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਕਤਲ ਕਰਨ ਲਈ ਉਸਨੇ ਪ੍ਰਾਪਰਟੀ ਡੀਲਰ ਦੇ ਘਰੋਂ ਪਿਸਤੌਲ ਚੋਰੀ ਕੀਤਾ। ਗੁਰਵਿੰਦਰ ਦੀ ਮਾਂ ਇਸ ਪ੍ਰੋਪਰਟੀ ਡੀਲਰ ਦਾ ਘਰ ਕੰਮ ਕਰਦੀ ਸੀ। 6 ਕਾਰਤੂਸਾਂ ਦਾ ਪ੍ਰਬੰਧ ਬਲਵਿੰਦਰ ਨੇ ਆਪਣੇ ਫਿਰੋਜ਼ਪੁਰ ਦੇ ਇੱਕ ਜਾਣਕਾਰ ਕੋਲੋਂ ਕਰਵਾਇਆ। ਇੱਥੇ ਹੀ ਗੰਨ ਹਾਊਸ ਦੇ ਮਾਲਕ ਨੇ ਗੁਰਵਿੰਦਰ ਨੂੰ ਪਿਸਤੌਲ ਚਲਾਉਣ ਦੀ ਸਿਖਲਾਈ ਦਿੱਤੀ ਸੀ।

5 ਵਾਰ ਨਾਕਾਮਯਾਬੀ ਮਗਰੋਂ 6ਵੀਂ ਵਾਰ ਕੀਤਾ ਕਤਲ

ਪਿਸਤੌਲ ਚਲਾਉਣ ਦੀ ਟ੍ਰੇਨਿੰਗ ਲੈਣ ਤੇ ਕਾਰਤੂਸ ਮਿਲਣ ਬਾਅਦ ਮੁਲਜ਼ਮ ਗੁਰਵਿੰਦਰ ਨੇ 5 ਵਾਰ ਮਨਦੀਪ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਬਚ ਜਾਂਦਾ ਸੀ। ਗੁਰਵਿੰਦਰ ਹਰ ਵਾਰ ਪ੍ਰੋਪਰਟੀ ਡੀਲਰ ਘਰੋਂ ਪਿਸਤੌਲ ਚੌਰੀ ਕਰ ਲੈਂਦਾ ਸੀ ਤੇ ਬਾਅਦ ਵਿੱਚ ਆਪਣੇ ਕਾਰਤੂਸ ਕੱਢ ਕੇ ਉਸਦੇ ਕਾਰਤੂਸ ਪਾ ਕੇ ਵਾਪਸ ਪਿਸਤੌਲ ਪ੍ਰਾਪਰਟੀ ਡੀਲਰ ਦੇ ਸਿਰ੍ਹਾਣੇ ਰੱਖ ਦਿੰਦਾ ਸੀ। 5 ਅਕਤੂਬਰ ਨੂੰ ਗੁਰਵਿੰਦਰ ਨੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਚੋਰੀ ਕੀਤਾ। ਪ੍ਰਾਪਰਟੀ ਡੀਲਰ ਦੇ ਘਰੋਂ ਰਿਵਾਲਵਰ ਚੋਰੀ ਕੀਤਾ ਤੇ ਵੀਰਵਾਰ ਨੂੰ ਮਨਦੀਪ ਦਾ ਕਤਲ ਕਰ ਦਿੱਤਾ।