Punjab News: ਲੁਧਿਆਣਾ ਕੋਰਟ ਬਲਾਸਟ 'ਚ ਪੰਜਾਬ STF ਨੂੰ ਵੱਡੀ ਕਾਮਯਾਬੀ ਮਿਲੀ । ਜਾਣਕਾਰੀ ਮੁਤਾਬਕ ਧਮਾਕੇ ਲਈ IED ਸਪਲਾਈ ਕਰਨ ਵਾਲਾ ਦੋਸ਼ੀ ਦਿਲਬਾਗ ਸਿੰਘ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।  ਦਿਲਬਾਗ ਨੂੰ ਐਸਟੀਐਫ ਵੱਲੋਂ ਤਿੰਨ ਹੋਰ ਸਾਥੀਆਂ ਸਮੇਤ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵਿੱਚ ਧਮਾਕਾ ਕਰਨ ਵਾਲੇ ਬਰਖਾਸਤ ਕਾਂਸਟੇਬਲ ਗਗਨਦੀਪ ਨੂੰ ਇਨ੍ਹਾਂ ਮੁਲਜ਼ਮਾਂ ਨੇ ਆਈਈਡੀ ਮੁਹੱਈਆ ਕਰਵਾਈ ਸੀ। ਐਸਟੀਐਫ ਮੁਤਾਬਕ ਤਿੰਨ ਆਈਈਡੀ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਵਰਤੋਂ ਲੁਧਿਆਣਾ ਧਮਾਕੇ ਲਈ ਕੀਤੀ ਗਈ ਸੀ।


ਦਿਲਬਾਗ ਦੇ ਨਾਲ ਫੜੇ ਗਏ ਤਿੰਨ ਲੋਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਐਸਟੀਐਫ ਦਾ ਕਹਿਣਾ ਹੈ ਕਿ ਸ਼ੱਕੀ ਇਸ ਨੌਜਵਾਨ ਤੋਂ ਮੋਬਾਈਲ ਫੋਨ ਸਿਮ ਦਾ ਪ੍ਰਬੰਧ ਕਰਦਾ ਸੀ। ਪਾਕਿਸਤਾਨ ਨਾਲ ਗੱਲਬਾਤ ਲਈ ਵੀ ਇਹੀ ਸਿਮ ਕਾਰਡ ਵਰਤਿਆ ਗਿਆ ਸੀ। ਐਸਟੀਐਫ ਨਾਬਾਲਗ ਨੂੰ ਅਦਾਲਤ ਤੋਂ ਡਿਸਚਾਰਜ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ। ਐੱਨਆਈਏ ਅਤੇ ਹੋਰ ਕੇਂਦਰੀ ਏਜੰਸੀਆਂ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਪਹੁੰਚੀਆਂ।


 


ਲੁਧਿਆਣਾ ਧਮਾਕੇ ਦਾ ISI ਕੁਨੈਕਸ਼ਨ


ਪੰਜਾਬ ਪੁਲਿਸ ਦੇ ਡੀਜੀਪੀ ਨੇ ਏਬੀਪੀ ਨਿਊਜ਼ ਨੂੰ ਇਸ ਸਬੰਧੀ ਇੱਕ ਵੱਡੀ ਜਾਣਕਾਰੀ ਦਿੱਤੀ ਸੀ ਲੁਧਿਆਣੇ ਵਿੱਚ ਹੋਇਆ ਧਮਾਕਾ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਹੋਇਆ ਸੀ ਤੇ ਨਿਸ਼ਾਨਾ ਸਿਰਫ ਪੰਜਾਬ ਦਾ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਕਈ ਹੋਰ ਸ਼ਹਿਰ ਵੀ ਸਨ ਕਿਉਂਕਿ ਪੰਜਾਬ ਵਿੱਚ ਵੀ ਚੋਣਾਂ ਜਲਦੀ ਹੋਣੀਆਂ ਹਨ, ਇਸ ਲਈ ਆਈਐਸਆਈ ਪਹਿਲਾਂ ਇੱਥੇ ਅਸਥਿਰਤਾ ਫੈਲਾਉਣਾ ਚਾਹੁੰਦੀ ਹੈ। ਧਮਾਕੇ ਨਾਲ ਜੁੜੇ ਇੱਕ ਖਾਲਿਸਤਾਨੀ ਅੱਤਵਾਦੀ ਨੂੰ ਜਰਮਨੀ 'ਚ ਫੜਿਆ ਗਿਆ ਹੈ, ਜਿਸ ਤੋਂ ਪੁੱਛਗਿੱਛ 'ਚ ਕਈ ਰਾਜ਼ ਖੁੱਲ੍ਹੇ ਹਨ।




ਐਨਆਈਏ ਨੇ ਪਿਛਲੇ ਸਾਲ 31 ਦਸੰਬਰ ਨੂੰ ਕਈ ‘ਖਾਲਿਸਤਾਨ ਪੱਖੀ ਤੱਤਾਂ’ ਅਤੇ ਜਰਮਨੀ ਸਥਿਤ ਸਿੱਖ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੇ ਖਿਲਾਫ ਮੁੰਬਈ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਆਈਐੱਸਆਈ ਦੇ ਕਾਰਕੁਨਾਂ ਵਿਰੁੱਧ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਸੀ। ਮੁਲਤਾਨੀ ਨੂੰ ਇਸ ਲੁਧਿਆਣਾ ਅਦਾਲਤੀ ਧਮਾਕੇ ਦੇ ਕੇਸ ਨਾਲ ਵੀ ਜੋੜਿਆ ਗਿਆ , ਜਿਸ ਵਿੱਚ ਛੇ ਵਿਅਕਤੀ ਜ਼ਖ਼ਮੀ ਹੋਏ ਸੀ।


ਐਨਆਈਏ ਨੇ ਕਿਹਾ ਸੀ ਕਿ ਮੁਲਤਾਨੀ, ਕਈ ਹੋਰ ਖਾਲਿਸਤਾਨ ਸਮਰਥਕਾਂ ਦੇ ਨਾਲ, ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਵਿੱਚ ਤਸਕਰੀ ਦੇ ਨੈਟਵਰਕ ਦੀ ਵਰਤੋਂ ਕਰਕੇ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਖਰੀਦਣ ਲਈ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਮੁਲਤਾਨੀ ਮੁੰਬਈ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਲਈ ਆਈਐਸਆਈ ਦੇ ਕਾਰਕੁਨਾਂ ਦੇ ਸੰਪਰਕ ਵਿੱਚ ਵੀ ਰਿਹਾ ਹੈ।