ਖੰਨਾ : ਪੰਜਾਬ ਸਰਕਾਰ ਵੱਲੋਂ ਪਸ਼ੂਆਂ ’ਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਸਬੰਧੀ ਪੰਜਾਬ ਭਰ ’ਚ ਪਸ਼ੂ ਮੰਡੀਆਂ ਨੂੰ ਬੰਦ ਕਰਨ ਦੇ ਲਏ ਗਏ ਫੈਸਲੇ ਨੂੰ ਬੂਰ ਨਹੀਂ ਪੈ ਰਿਹਾ। ਇਕ ਪਾਸੇ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਦੂਜੇ ਪਾਸੇ ਇਹਨਾਂ ਹੁਕਮਾਂ ਦੇ ਉਲਟ ਖੰਨਾ ਜੀਟੀ ਰੋਡ 'ਤੇ ਦੂਜੀ ਵਾਰ ਪਸ਼ੂ ਮੰਡੀ ਲਗਾਈ ਗਈ। ਇਸ ਮੌਕੇ 'ਤੇ ਪਹੁੰਚੇ ਵਪਾਰੀਆਂ ਨੇ ਦੱਸਿਆ ਕੀ ਸਾਨੂੰ ਤਾਂ ਮੰਡੀ ਲੱਗਣ ਦੀ ਸੂਚਨਾ ਮਿਲੀ ਸੀ 'ਇਸ ਲਈ ਆਏ ਹਾਂ।

 

ਇਸ ਮੰਡੀ ਬਾਰੇ ਸੂਚਨਾ ਮਿਲਣ 'ਤੇ ਸਮਾਜਸੇਵੀ ਮੌਕੇ 'ਤੇ ਪਹੁੰਚੇ ਅਤੇ ਇਸ ਮੰਡੀ ਲੱਗਣ ਪਿੱਛੇ ਵੱਡੇ ਘੋਟਾਲੇ ਦਾ ਖਦਸ਼ਾ ਜਤਾਉਂਦਿਆਂ ਕਿਹਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਪਿਛਲੀ ਸਰਕਾਰ ਵਾਂਗ ਹੀ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਭੇਜ ਦਿੱਤਾ ਗਿਆ ਪਰ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਵੀ ਕਿਸੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 

 


 

ਖੰਨਾ ਦੇ ਡੀਐਸਪੀ ਹਰਪਾਲ ਸਿੰਘ ਦਾ ਕਹਿਣਾ ਸੀ ਕੀ ਜੇਕਰ ਬੀਡੀਪੀਓ ਦਫਤਰ ਵਲੋਂ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਜਰੂਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਖੰਨਾ ਦੀ ਬੀਡੀਪੀਓ ਦਾ ਕਹਿਣਾ ਹੈ ਕੀ ਅਗਲੀ ਵਾਰ ਮੰਡੀ ਲਗਾਉਣ ਵਾਲੇ 'ਤੇ ਕਾਰਵਾਈ ਕਰਵਾਈ ਜਾਵੇਗੀ। ਇਸ ਬੀਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਪਸ਼ੂ ਮੰਡੀਆਂ ਲਗਾਉਣ ’ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਪਸ਼ੂ ਮੰਡੀ ਲਗਾਈ ਗਈ ਸੀ। ਇਸ ਪਸ਼ੂ ਮੰਡੀ ਵਿੱਚ ਸੂਬੇ ਭਰ ਤੋਂ ਪਸ਼ੂ ਪਾਲਕ ਅਤੇ ਵਪਾਰੀ ਸੈਂਕੜੇ ਮੱਝਾਂ ਲੈ ਕੇ ਪਹੁੰਚੇ ਸਨ। ਲੰਪੀ ਸਕਿੱਨ ਨਾਲ ਵੱਡੇ ਪੱਧਰ ’ਤੇ ਪਸ਼ੂਆਂ ਦੀ ਹੋ ਰਹੀ ਮੌਤ ਦੌਰਾਨ ਪਸ਼ੂ ਲੈ ਕੇ ਪਹੁੰਚੇ ਲੋਕਾਂ ਵਿੱਚ ਕੋਈ ਡਰ ਭੈਅ ਹੀ ਨਹੀਂ ਨਜ਼ਰ ਆਇਆ ਬਲਕਿ ਪਸ਼ੂ ਪਾਲਕ ਤੇ ਵਪਾਰੀ ਇਹ ਤਰਕ ਦਿੰਦੇ ਨਜ਼ਰ ਆਏ ਕਿ ਲੰਪੀ ਸਕਿਨ ਦੀ ਬੀਮਾਰੀ ਸਿਰਫ਼ ਗਾਵਾਂ ਵਿੱਚ ਹੈ ਅਤੇ ਮੱਝਾਂ ’ਤੇ ਇਸਦਾ ਕੋਈ ਅਸਰ ਹੀ ਨਹੀਂ ਹੈ।