Punjab News: ਪੰਜਾਬ ਵਿਚ ਹੜ੍ਹਾਂ ਕਾਰਨ ਸਥਿਤੀ ਵਿਗੜ ਰਹੀ ਹੈ ਪਰ ਇਸ ਦੌਰਾਨ ਵੱਡੀ ਖ਼ਬਰ ਆ ਰਹੀ ਹੈ ਕਿ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ ਹੈ। ਡੈਮ ਤੋਂ ਸਿੱਧਾ ਰਾਵੀ ਨਦੀ ਵਿੱਚ ਪਾਣੀ ਜਾ ਰਿਹਾ ਹੈ। ਪਾਣੀ ਤੇਜ਼ੀ ਨਾਲ ਆ ਰਿਹਾ ਹੈ। ਦੂਜੇ ਪਾਸੇ ਲਗਭਗ 50 ਲੋਕ ਫਸੇ ਹੋਏ ਹਨ। ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇੱਕ ਕਰਮਚਾਰੀ ਵੀ ਲਾਪਤਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮ ਇਕ ਖਰਾਬ ਗੇਟ ਨੂੰ ਠੀਕ ਕਰਨ ਲਈ ਆਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਇਕ ਫਲੱਡ ਗੇਟ ਟੁੱਟ ਗਿਆ। ਇਸ ਸਮੇਂ ਪਾਣੀ ਤੇਜ਼ੀ ਨਾਲ ਨਿਕਲ ਰਿਹਾ ਹੈ। ਇਧਰ, ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ।
ਦੱਸ ਦਈਏ ਕਿ ਮੀਂਹ ਅਤੇ ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਬੁੱਧਵਾਰ ਸ਼ਾਮ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ। ਇਸ ਕਾਰਨ ਰਾਵੀ ਨਦੀ ਵਿੱਚ ਹੜ੍ਹ ਆ ਗਿਆ ਹੈ। ਫਲੱਡ ਗੇਟ ਟੁੱਟਣ ਕਾਰਨ 50 ਲੋਕ ਪਾਣੀ ਵਿੱਚ ਫਸ ਗਏ ਹਨ। ਹੈੱਡਵਰਕਸ ਦਾ ਇੱਕ ਕਰਮਚਾਰੀ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਹੈਲੀਕਾਪਟਰਾਂ ਰਾਹੀਂ ਬਚਾਇਆ ਜਾ ਰਿਹਾ ਹੈ। ਪਠਾਨਕੋਟ ਦੇ ਡੀਸੀ ਆਦਿੱਤਿਆ ਉੱਪਲ ਨੇ ਕਿਹਾ ਕਿ ਲਗਭਗ 50 ਲੋਕ ਫਲੱਡ ਗੇਟ ਦੀ ਮੁਰੰਮਤ ਵਿੱਚ ਲੱਗੇ ਹੋਏ ਸਨ। ਉਹ ਉਸ ਜਗ੍ਹਾ 'ਤੇ ਫਸ ਗਏ ਜਿੱਥੇ ਨੁਕਸਾਨ ਹੋਇਆ ਸੀ। ਹੈਲੀਕਾਪਟਰਾਂ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਇਸ ਤੋਂ ਪਹਿਲਾਂ ਫੌਜ ਨੇ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਵਿਖੇ ਹੜ੍ਹ ਦੇ ਪਾਣੀ ਨਾਲ ਘਿਰੀ ਇੱਕ ਖੰਡਰ ਇਮਾਰਤ ਵਿੱਚ ਫਸੇ 22 ਸੀਆਰਪੀਐਫ ਜਵਾਨਾਂ ਅਤੇ 3 ਨਾਗਰਿਕਾਂ ਨੂੰ ਬਚਾਇਆ। ਹੈਲੀਕਾਪਟਰ ਰਾਹੀਂ ਬਚਾਅ ਕਾਰਜ ਤੋਂ ਤੁਰੰਤ ਬਾਅਦ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ ?
ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਮੁੱਖ ਮੰਤਰੀ ਮਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਗੁਰਦਾਸਪੁਰ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਹੈਲੀਕਾਪਟਰ ਇੱਥੇ ਛੱਡ ਰਹੇ ਹਨ। ਇਸਦੀ ਵਰਤੋਂ ਲੋਕਾਂ ਨੂੰ ਬਚਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਹੁਣ ਉਹ ਕਾਰ ਰਾਹੀਂ ਵਾਪਸ ਜਾਣਗੇ। ਲੋਕਾਂ ਨੇ ਮੈਨੂੰ ਇਹ ਹੈਲੀਕਾਪਟਰ 92 ਸੀਟਾਂ ਜਿਤਵਾਉਣ ਵਿੱਚ ਦਿੱਤਾ ਸੀ ਤੇ ਹੁਣ ਮੈਂ ਇਸਨੂੰ ਜਨਤਾ ਦੀ ਸੇਵਾ ਲਈ ਦੇ ਰਿਹਾ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ। ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹੌਸਲਾ ਹਿੰਮਤ ਬਰਕਰਾਰ ਰੱਖਣ ਦੀ ਅਪੀਲ ਕੀਤੀ।