Punjab News: ਪੰਜਾਬ ਵਿੱਚ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ ਤੇ ਲੰਘੇ ਕੱਲ੍ਹ ਅਬੋਹਰ ਵਿੱਚ ਹੋਏ ਵੱਡੇ ਕਾਰੋਬਾਰੀ ਦੇ ਕਤਲ ਤੋਂ ਬਾਅਦ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ। ਉਹ ਲੰਬੇ ਸਮੇਂ ਤੋਂ ਸਰਕਾਰ ਤੇ ਪੁਲਿਸ ਤੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਵਪਾਰ ਮੱਧ ਪ੍ਰਦੇਸ਼ ਵਿੱਚ ਸ਼ੁਰੂ ਕਰਨ। ਇਸ ਮੀਟਿੰਗ ਨੂੰ ਲੈ ਕੇ ਹੁਣ ਸਰਕਾਰ ਨੂੰ ਫਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚੋਂ ਵਪਾਰੀਆਂ ਦਾ ਸਰਕਾਰ ਤੇ ਪੁਲਿਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।

ਜ਼ਿਕਰ ਕਰ ਦਈਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਪੰਜਾਬ ਦੌਰੇ ਦੌਰਾਨ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਤੇ ਨਿਵੇਸ਼ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨਾਲ ਵੀ ਮੁਲਾਕਾਤ ਕੀਤੀ ਹੈ।

ਇਸ ਮੌਕੇ ਗੁਪਤਾ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਉਦਯੋਗਾਂ ਦੇ ਵਿਕਾਸ ਲਈ ਜਿਸ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ, ਉਹ ਪ੍ਰਸ਼ੰਸਾਯੋਗ ਹੈ। ਉਨ੍ਹਾਂ ਨੇ ਟਰਾਈਡੈਂਟ ਗਰੁੱਪ ਦੀ ਮੱਧ ਪ੍ਰਦੇਸ਼ ਸਥਿਤ ਪ੍ਰੋਜੈਕਟਾਂ ਨੂੰ ਲੈ ਕੇ ਸਰਕਾਰ ਦੁਆਰਾ ਦਿੱਤੀ ਗਈ ਸਹਾਇਤਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਸਹਿਯੋਗ ਨੇ ਗਰੁੱਪ ਨੂੰ ਨਿਰੰਤਰ ਵਿਸਤਾਰ ਕਰਨ ਵਿੱਚ ਮਦਦ ਕੀਤੀ ਹੈ।

ਦੱਸ ਦਈਏ ਕਿ ਲੰਘੇ ਦਿਨ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਲੁਧਿਆਣਾ ਸ਼ਹਿਰ ਦੇ ਵੱਡੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਦਾਅਵਾ ਕੀਤਾ ਕਿ ਲੁਧਿਆਣਾ ਦੇ ਸਨਅਤਕਾਰਾਂ ਨਾਲ ਹੋਏ ਸੈਸ਼ਨ ਦੌਰਾਨ ਸਨਅਤਕਾਰਾਂ ਵੱਲੋਂ 15606 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਆਏ ਹਨ, ਜਿਨ੍ਹਾਂ ਦੇ ਨਾਲ 20 ਹਜ਼ਾਰ ਤੋਂ ਵੱਧ ਉਦਯੋਗ ਸ਼ੁਰੂ ਹੋਣਗੇ। 

ਯਾਦ ਕਰਵਾ ਦਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਲੁਧਿਆਣਾ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਨ੍ਹਾਂ ਨੇ ਵੀ ਦਾਅਵਾ ਕੀਤਾ ਸੀ ਕਿ ਵਪਾਰੀ ਵੱਡੇ ਪੱਧਰ ਵਿੱਚ ਉਨ੍ਹਾਂ ਦੇ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਨ। 

ਪਰ ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਵਪਾਰੀਆਂ ਦਾ ਸਰਕਾਰ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ, ਕਿਉਂਕਿ ਆਏ ਦਿਨ ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਇਨਕਾਰ ਕਰਨ ਉੱਤੇ ਸ਼ਰ੍ਹੇਆਮ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਜਾਂਦਾ ਹੈ।

ਦਰਅਸਲ ਪਿਛਲੇ 10 ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 4 ਵੱਡੀਆਂ ਵਾਰਦਾਤਾਂ ਨੇ ਪੁਲਿਸ ਤੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਵਾਰਦਾਤਾਂ ਵਿੱਚ ਗੈਂਗਸਟਰਾਂ ਨੇ ਨਾ ਸਿਰਫ਼ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ, ਸਗੋਂ ਸ਼ਰੇਆਮ ਫਾਇਰਿੰਗ ਕਰਕੇ ਦਹਿਸ਼ਤ ਵੀ ਫੈਲਾਈ। ਖਾਸ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਵੱਡੇ ਕਾਰੋਬਾਰੀਆਂ ਤੇ ਗਾਇਕ-ਅਦਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਫਿਰੌਤੀ ਦੀ ਹੀ ਖੇਡ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਦੌਰਾਨ ਹੀ ਚਾਰ ਵੱਡੀਆਂ ਵਾਰਦਾਤਾਂ ਹੋਈਆਂ ਹਨ। ਇਸ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। 28 ਜੂਨ ਨੂੰ ਗੁਰਦਾਸਪੁਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਜੱਗੂ ਦੇ ਸਾਥੀ ਕਰਨਵੀਰ ਦਾ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਬਟਾਲਾ ਵਿੱਚ ਘਰ ਦੇ ਬਾਹਰ ਕਾਰ ਵਿੱਚ ਸਨ, ਜਦੋਂ 2 ਹਮਲਾਵਰ ਬਾਈਕ 'ਤੇ ਆਏ ਤੇ ਗੋਲੀਆਂ ਚਲਾ ਦਿੱਤੀਆਂ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ। 

ਇਸ ਮਗਰੋਂ 4 ਜੁਲਾਈ ਨੂੰ ਮੋਗਾ ਦੇ ਕੋਟ ਈਸੇ ਖਾਂ ਵਿੱਚ ਪਾਲੀਵੁੱਡ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲ ਕੰਬੋਜ ਨੂੰ ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਪੰਜਾਬ ਪੁਲਿਸ ਦੀ ਟੀਮ ਨੇ 6 ਜੁਲਾਈ ਨੂੰ ਇਸ ਮਾਮਲੇ ਵਿੱਚ 3 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਤਿੰਨੇ ਗੈਂਗਸਟਰ ਲਖਬੀਰ ਸਿੰਘ ਦੇ ਸਾਥੀ ਸਨ। ਲਖਬੀਰ ਨੇ ਡਾਕਟਰ ਅਨਿਲ ਤੋਂ ਫਿਰੌਤੀ ਮੰਗੀ ਸੀ। ਪੈਸੇ ਨਾ ਦੇਣ 'ਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਸੇ ਤਰ੍ਹਾਂ 5 ਜੁਲਾਈ ਨੂੰ ਅੰਮ੍ਰਿਤਸਰ ਦੇ ਪਿੰਡ ਚੰਨਣ ਵਿੱਚ ਜੁਗਰਾਜ ਸਿੰਘ ਉਰਫ਼ ਤੋਤਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਸੀ ਤੇ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਜਗਰੂਪ ਸਿੰਘ ਰੂਪਾ ਦਾ ਭਰਾ ਸੀ। ਗੋਪੀ ਘਣਸ਼ਿਆਮਪੁਰੀਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਘਣਸ਼ਿਆਮਪੁਰੀਆ ਗੈਂਗ ਪੰਜਾਬ ਵਿੱਚ ਬੰਬੀਹਾ ਗੈਂਗ ਨਾਲ ਮਿਲ ਕੇ ਕੰਮ ਕਰਦਾ ਹੈ। ਇਸ ਵੇਲੇ ਇਹ ਗੈਂਗ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਪੰਜਾਬ ਦੀ ਸਿਆਸਤ ਉਸ ਵੇਲੇ ਹੋਰ ਗਰਮਾ ਗਈ ਜਦੋਂ ਫੈਸ਼ਨ ਡਿਜ਼ਾਈਨਰ ਤੇ ਵੱਡੇ ਟੈਕਸਟਾਈਲ ਕਾਰੋਬਾਰੀ ਸੰਜੇ ਵਰਮਾ ਦੀ 7 ਜੁਲਾਈ ਨੂੰ ਅਬੋਹਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਸੰਜੇ ਵਰਮਾ ਸ਼ੋਅਰੂਮ ਦੇ ਬਾਹਰ ਕਾਰ ਤੋਂ ਹੇਠਾਂ ਉਤਰਿਆ, ਬਾਈਕ ਸਵਾਰ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ।