Maharaja Ajj Sarovar : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਸੈਰ ਸਪਾਟਾ ਸਥਾਨ ਵੱਜੋਂ ਵਿਕਸਿਤ ਕਰਨ ਅਤੇ ਸੂਬੇ ਨੂੰ ਸੈਲਾਨੀਆਂ ਦੀ ਪਹਿਲੀ ਪਸੰਦ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਤਹਿਤ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਐਸ .ਏ.ਐਸ ਨਗਰ ਦੇ ਹਲਕਾ ਖਰੜ ਵਿੱਚ ਸਥਿਤ ਮਹਾਰਾਜਾ ਅੱਜ ਸਰੋਵਰ ਦਾ ਇੱਕ ਮਸ਼ਹੂਰ ਸੈਰ ਸਪਾਟਾ ਸਥਾਨ ਵਜੋਂ ਵਿਕਸ ਕੀਤਾ ਜਾ ਰਿਹਾ ਹੈ।



ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸਿਕਾਇਤ ਨਿਵਾਰਣ ਮੰਤਰੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੂਬੇ 'ਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ਸੈਲਾਨੀਆਂ ਦੀ ਪਹਿਲੀ ਪਸੰਦ ਬਨਾਉਣ ਲਈ ਰਾਜ ਦੀਆਂ ਇਤਿਹਾਸਕ ਵਿਰਾਸਤਾਂ ਦੀ ਸਾਂਭ- ਸੰਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਖਰੜ ਵਿਖੇ ਸਥਿਤ ਮਹਾਰਾਜਾ ਅੱਜ ਸਰੋਵਰ ਨੂੰ 10.69 ਕਰੋੜ ਰੁਪਏ ਨਾਲ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।  ਇਸ ਸਥਾਨ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਮਹਾਰਾਜਾ ਅੱਜ ਸਰੋਵਰ ਦਾ ਸਬੰਧ ਭਗਵਾਨ ਰਾਮ ਦੇ ਪੂਰਵਜਾਂ ਨਾਲ ਰਿਹਾ ਹੈ ਅਤੇ ਇਸ ਸਰੋਵਰ ਦਾ ਨਾਮ ਭਗਵਾਨ ਰਾਮ ਜੀ ਦੇ ਦਾਦਾ ਮਹਾਰਾਜਾ ਅੱਜ ਦੇ ਨਾਮ ਨਾਲ ਸਬੰਧਤ ਹੈ। ਮੰਤਰੀ ਨੇ ਕਿਹਾ ਕਿ ਸਰੋਵਰ ਨੂੰ ਇਸਦੀ ਧਾਰਮਿਕ ਮਹੱਤਤਾ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਵੀਨੀਕਰਨ ਤੋਂ ਬਾਅਦ ਇਹ ਸਥਾਨ ਪੰਜਾਬ ਦੇ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਜਾਵੇਗਾ।

ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ 'ਚ ਸਰੋਵਰ ਦੇ ਆਲੇ-ਦੁਆਲੇ ਦੀਵਾਰਾਂ ਦੀ ਉਸਾਰੀ, ਸਰੋਵਰ ਦੇ ਆਲੇ-ਦੁਆਲੇ ਪੱਥਰ ਲਗਾਉਣਾ, ਸਰੋਵਰ ਦੇ ਆਲੇ-ਦੁਆਲੇ ਫੁੱਟਪਾਥ ਦਾ ਨਿਰਮਾਣ,ਰੈਸਟੋਰੈਂਟ ਦੀ ਉਸਾਰੀ,ਪਾਰਕਿੰਗ ਦੀ ਉਸਾਰੀ.ਅਤੇ ਸ਼੍ਰੀ ਰਾਮ ਭਗਵਾਨ ਦੇ ਬੁੱਤ ਦੀ ਸਥਾਪਨਾ ਤੋਂ ਇਲਾਵਾ ਹੋਰ ਲੋੜੀਂਦੇ ਕੰਮ ਕੀਤੇ ਜਾਣੇ ਸਾਮਿਲ ਹਨ। ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।  ਉਨ੍ਹਾਂ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਸੂਬੇ ਦਾ ਹੋਰ ਵਿਕਾਸ ਹੋ ਸਕੇ।