ਪਟਿਆਲਾ : ਪਟਿਆਲਾ 'ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਪਟਿਆਲਾ ਹਿੰਸਾ ਦਾ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਬਰਜਿੰਦਰ ਪਰਵਾਨਾ ਪਟਿਆਲਾ ਕੇਸ ਦਾ ਮੁੱਖ ਮੁਲਜ਼ਮ ਹੈ। ਬਰਜਿੰਦਰ ਸਿੰਘ ਪਰਵਾਨਾ ਨੂੰ ਬੀਤੇ ਦਿਨੀਂ ਪੁਲਿਸ ਨੇ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ।

 

 ਮਿਲੀ ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਵਿੱਚੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਤੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਪੂਰੀ ਹਿੰਸਾ ਦਾ ਮਾਸਟਰਮਾਈਂਡ ਸਿੱਖ ਕੱਟੜਪੰਥੀ ਬਰਜਿੰਦਰ ਪਰਵਾਨਾ ਨੂੰ ਦੱਸਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਪਰਵਾਨਾ ਦਾ ਕ੍ਰਿਮਨਲ ਬੈਕਗ੍ਰਾਊਂਡ ਹੈ। ਉਸ ਖਿਲਾਫ 4 ਮਾਮਲੇ ਦਰਜ ਹਨ। ਉਹ ਗ੍ਰਿਫ਼ਤਾਰ ਵੀ ਹੋਇਆ ਤੇ ਫਿਰ ਜ਼ਮਾਨਤ ‘ਤੇ ਆ ਗਿਆ।

 

ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਬਰਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਭੜਕਾਊ ਬਿਆਨਬਾਜ਼ੀ ਕੀਤੀ ਜਾਂਦੀ ਹੈ। ਬਰਜਿੰਦਰ ਸਿੰਘ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪ੍ਰੋਫਾਇਲ ਤੋਂ 29 ਅਪ੍ਰੈਲ ਨੂੰ ਸ਼ਿਵ ਸੈਨਾ ਦੇ ਮਾਰਚ ਦੇ ਵਿਰੋਧ ਵਿੱਚ ਵੀ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਸਨ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਪਹਿਲਾਂ ਵੀ ਪਰਵਾਨਾ ਉੱਪਰ ਚਾਰ ਐੱਫਆਈਆਰ ਦਰਜ ਹਨ।


ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ਦੇ ਵਸਨੀਕ ਹਨ। ਪੰਜਾਬ ਪੁਲਿਸ ਨੇ ਅੱਗੇ ਦੱਸਿਆ ਕਿ 2007-2008 ਦੌਰਾਨ ਉਹ ਸਿੰਗਾਪੁਰ ਗਏ ਸਨ। ਤਕਰੀਬਨ ਡੇਢ ਸਾਲ ਉਥੇ ਰਹਿਣ ਤੋਂ ਬਾਅਦ ਉਹ ਭਾਰਤ ਵਾਪਸ ਆਏ। ਇਸ ਮਗਰੋਂ ਧਾਰਮਿਕ ਦੀਵਾਨ ਲਗਾ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਸੇ ਦੌਰਾਨ ਬਰਜਿੰਦਰ ਸਿੰਘ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਨਾਂ ਦਾ ਜਥਾ ਬਣਾਇਆ ਅਤੇ ਖੁਦ ਹੀ ਇਸ ਦਾ ਮੁਖੀ ਬਣ ਗਿਆ।