Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਇਕ ਨਵੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਬਹਿਸ ‘ਮੈਂ ਪੰਜਾਬ ਬੋਲਦਾ ਹਾਂ’ ਦੌਰਾਨ ਲੋਕ ਰਵਾਇਤੀ ਪਾਰਟੀਆਂ ਪਾਸੋਂ ਸੂਬੇ ਨਾਲ ਕੀਤੇ ਗੁਨਾਹਾਂ ਦਾ ਜਵਾਬ ਮੰਗਣਗੇ। ਇਸ ਮੌਕੇ ਸ਼ਿਰਕਤ ਕਰਨ ਲਈ ਸੂਬੇ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਸੱਤਾ ਵਿੱਚ ਰਹਿ ਰਹੀਆਂ ਸਾਰੀਆਂ ਸਿਆਸੀ ਧਿਰਾਂ ਬਹਿਸ ਦੌਰਾਨ ਆਪਣਾ ਪੱਖ ਰੱਖਣਗੀਆਂ। 


ਹਰ ਪਾਰਟੀ ਨੂੰ ਮਿਲੇਗਾ 30 ਮਿੰਟ ਦਾ ਸਮਾਂ


ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 30 ਮਿੰਟ ਦਾ ਸਮਾਂ ਮਿਲੇਗਾ ਜਿਸ ਵਿੱਚ ਸੂਬੇ ਨਾਲ ਜੁੜੇ ਮਸਲੇ ਉਠਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੌਰਾਨ ਪ੍ਰੋਫੈਸਰ ਨਿਰਮਲ ਜੌੜਾ ਮੰਚ ਸੰਚਾਲਨ ਕਰਨਗੇ। ਮੁੱਖ ਮੰਤਰੀ ਨੇ ਕਿਹਾ, “ਖੁੱਲ੍ਹੀ ਬਹਿਸ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਸ ਬਹਿਸ ਵਿੱਚ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ-ਕਿਸਾਨੀ, ਵਪਾਰ-ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਦੀ ਗੱਲ ਹੋਵੇਗੀ।” 


ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ


ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਇਨ੍ਹਾਂ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਇਨ੍ਹਾਂ ਨੇਤਾਵਾਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਸੀ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਨੇਤਾ ਪੰਜਾਬ ਨਾਲ ਕੀਤੀ ਗੱਦਾਰੀ ਲਈ ਜ਼ਿੰਮੇਵਾਰ ਹਨ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ। 


ਬਹਿਸ ਲੋਕਾਂ ਨੂੰ ਸ਼ੀਸ਼ਾ ਦਿਖਾਏਗੀ


ਭਗਵੰਤ ਮਾਨ ਨੇ ਕਿਹਾ ਕਿ ਇਹ ਬਹਿਸ ਲੋਕਾਂ ਨੂੰ ਸ਼ੀਸ਼ਾ ਦਿਖਾਏਗੀ ਕਿ ਕੁਰਬਾਨੀ ਦੀ ਆੜ ਵਿੱਚ ਕਿਵੇਂ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੇ ਹਿੱਤ ਅਣਗੌਲੇ ਕਰਕੇ ਆਪਣੇ ਨਿੱਜੀ ਮੁਫਾਦ ਸੁਰੱਖਿਅਤ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਲੀਡਰਾਂ ਵੱਲੋਂ ਨਿੱਜੀ ਹਿੱਤਾਂ ਦੀ ਖਾਤਰ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਨੂੰ ਤਾਂ ਕਦੇ ਭੁੱਲਣਗੇ ਤੇ ਨਾ ਹੀ ਕਦੇ ਮੁਆਫ਼ ਕਰਨਗੇ।