ਗੁਰਦਾਸਪੁਰ: ਬੀਤੇ ਦਿਨੀਂ ਬਟਾਲਾ ਦੇ ਢਿੱਲਵਾਂ 'ਚ ਕਤਲ ਹੋਏ ਸਾਬਕਾ ਸਰਪੰਚ ਦਲਬੀਰ ਸਿੰਘ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਕਾਂਗਰਸੀ ਲੀਡਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਬਾਰੇ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਾਜ ਸ਼ੁਰੂ ਹੋਏ ਤਿੰਨ ਸਾਲ ਬੀਤ ਚੁੱਕੇ ਹਨ। ਇਸ ਦੌਰਾਨ ਜੇ ਬਾਦਲ ਪਰਿਵਾਰ ਜਾਂ ਮਜੀਠੀਆ ਖ਼ਿਲਾਫ਼ ਕੋਈ ਵੀ ਅਜਿਹਾ ਸਬੂਤ ਹੈ ਤਾਂ ਕਾਂਗਰਸ ਕੇਸ ਦਰਜ ਕਰਵਾ ਸਕਦੀ ਹੈ। ਮਜੀਠੀਆ ਨੇ ਸਾਫ ਸ਼ਬਦਾਂ 'ਚ ਰੰਧਾਵਾ ਨੂੰ ਚੁਣੌਤੀ ਦਿੱਤੀ ਕਿ ਬਾਦਲ ਜਾਂ ਮਜੀਠੀਆ ਦਾ ਕਿਸੇ ਨਾਲ ਕੋਈ ਸਬੰਧ ਹੈ ਤਾਂ ਕਾਂਗਰਸ ਅਗਲੇ 48 ਘੰਟਿਆਂ ਅੰਦਰ ਬਾਦਲ ਪਰਿਵਾਰ ਜਾਂ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਵਾਏ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀਆਂ 'ਤੇ ਲਾਸ਼ਾਂ ਦੀ ਸਿਆਸਤ ਕਰਨ ਦੇ ਬਿਆਨ 'ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਹ ਬੋਲਣਾ ਜਾਖੜ ਦੀ ਮਜਬੂਰੀ ਹੈ, ਕਿਉਂਕਿ ਉਨ੍ਹਾਂ ਨੂੰ ਐਮਪੀ ਅਹੁਦੇ ਲਈ ਲੈਣ ਵਾਲੇ ਹੀ ਸੁਖਜਿੰਦਰ ਰੰਧਾਵਾ ਸਨ। ਇਸ ਲਈ ਜਾਖੜ ਵੱਲੋਂ ਹਰ ਹਾਲ 'ਚ ਰੰਧਾਵਾ ਦਾ ਬਚਾਅ ਕੀਤਾ ਜਾਣਾ ਸੁਭਾਵਕ ਹੈ।
ਸਾਬਕਾ ਸਰਪੰਚ ਦਲਬੀਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਾਣੀਕੇ, ਲਖਬੀਰ ਸਿੰਘ ਲੋਧੀਨੰਗਲ, ਸੁਖਜਿੰਦਰ ਸਿੰਘ ਲੰਗਾਹ, ਇੰਦਰਜੀਤ ਸਿੰਘ ਰੰਧਾਵਾ ਸਮੇਤ ਭਾਰੀ ਤਾਦਾਦ 'ਚ ਲੀਡਰਾਂ ਨੇ ਸ਼ਮੂਲੀਅਤ ਕੀਤੀ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਵਿੱਚ ਹਾਜ਼ਰੀ ਨਹੀਂ ਲਵਾ ਸਕੇ। ਇਸ ਦੌਰਾਨ ਬਿਕਰਮ ਮਜੀਠੀਆ ਨਾਲ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਲਬੀਰ ਸਿੰਘ ਦੇ ਕਤਲ ਨੂੰ ਲੈ ਕੇ ਜਿੱਥੇ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਗਏ, ਉੱਥੇ ਬਟਾਲਾ ਪੁਲਿਸ ਦੀ ਕਾਰਜਸ਼ੈਲੀ 'ਤੇ ਵੀ ਸਖ਼ਤ ਪ੍ਰਕਿਰਿਆ ਕੀਤੀ ਗਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਲਬੀਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਾਰੇ ਵੱਡੇ ਅਧਿਕਾਰੀਆਂ ਤਕ ਪਹੁੰਚ ਕਰ ਚੁੱਕੇ ਹਨ, ਪਰ ਲੱਗਦਾ ਨਹੀਂ ਕਿ ਇਹ ਲੋਕ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੇ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਇਨਸਾਫ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਪੂਰੇ ਮਾਮਲੇ ਦੀ ਆਜ਼ਾਦ ਏਜੰਸੀ ਕੋਲੋਂ ਜਾਂਚ ਕਰਾਉਣ ਦੀ ਮੰਗ ਕਰਨਗੇ।