ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਅੰਮ੍ਰਿਤਸਰ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ 17 ਜੁਲਾਈ ਦਿਨ ਵੀਰਵਾਰ ਨੂੰ ਚੰਡੀਗੜ੍ਹ ਦੇ SSP ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਿਰੁੱਧ ਆਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਗਨੀਵ ਕੌਰ ਮਜੀਠੀਆ ਨੇ ਪੱਤਰ ਵਿੱਚ ਲਿਖਿਆ ਹੈ ਕਿ 25 ਜੂਨ 2025 ਦੀ ਸਵੇਰੇ ਲਗਭਗ 10:15 ਵਜੇ 20 ਦੇ ਕਰੀਬ ਅਧਿਕਾਰੀ ਸਿਵਲ ਡਰੈੱਸ ਵਿੱਚ ਮੇਰੇ ਸਰਕਾਰੀ ਨਿਵਾਸ, ਸੈਕਟਰ 4 ਚੰਡੀਗੜ੍ਹ ਵਿੱਚ ਧੱਕੇ ਨਾਲ ਵੜ੍ਹ ਗਏ। ਉਸ ਵੇਲੇ ਘਰ ਵਿੱਚ ਮੇਰੀ ਬੁਜ਼ੁਰਗ ਅਤੇ ਬਿਮਾਰ ਮਾਂ ਅਤੇ ਘਰੇਲੂ ਨੌਕਰ ਮੌਜੂਦ ਸਨ।

SSP ਅਰੁਣ ਸੈਣੀ ਦੀ ਅਗਵਾਈ ਹੇਠ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਦੇ ਦਰਵਜੇ ਖੋਲ੍ਹੇ ਅਤੇ ਘਰ ਦਾ ਸਮਾਨ ਇਧਰ-ਉਧਰ ਸੁੱਟ ਦਿੱਤਾ। ਜਦੋਂ ਸਾਡੇ ਵਕੀਲ ਸਾਹਿਬ ਉੱਥੇ ਪਹੁੰਚੇ ਅਤੇ ਵਿਜੀਲੈਂਸ ਅਧਿਕਾਰੀਆਂ ਤੋਂ ਉਨ੍ਹਾਂ ਦੀ ਪਹਿਚਾਣ ਅਤੇ ਤਲਾਸ਼ੀ ਵਾਰੰਟ ਦੀ ਮੰਗ ਕੀਤੀ, ਤਾਂ ਅਧਿਕਾਰੀਆਂ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਸਿਰਫ SSP ਅਰੁਣ ਸੈਣੀ ਨੇ ਆਪਣੀ ਪਹਿਚਾਣ ਦੱਸੀ ਪਰ ਆਪਣਾ ਪਹਿਚਾਣ ਪੱਤਰ ਨਹੀਂ ਦਿਖਾਇਆ।

ਉਨ੍ਹਾਂ ਨੇ ਅੱਗੇ ਲਿਖਿਆ ਹੈ- ''ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਧਾਰਾ 329, 330, 331, 332, 333,198, 201 ਅਤੇ 61(2) ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ। ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਨਜਾਇਜ਼ ਤਰੀਕੇ ਨਾਲ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਅਤੇ VIGILANCE ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ''

 

ਹਾਲਾਂਕਿ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਦੀ ਨਵੀਂ ਨਾਭਾ ਜੇਲ੍ਹ ਵਿੱਚ ਬੈਰਕ ਬਦਲਣ ਸਬੰਧੀ ਅਰਜ਼ੀ 'ਤੇ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਪਰ ਸਰਕਾਰ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਨਹੀਂ ਕੀਤਾ ਗਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ। ਇਨ੍ਹਾਂ ਦੀ ਜਮਾਨਤ ਅਰਜ਼ੀ ਵੀ ਉਸੇ ਦਿਨ ਲਗਾਈ ਗਈ ਹੈ।

 

ਵਿਜੀਲੈਂਸ ਪਿਛਲੇ ਦੋ ਦਿਨਾਂ ਤੋਂ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਦੀ ਕੀਮਤ ਦਾ ਅੰਦਾਜ਼ਾ ਲਗਾ ਰਹੀ ਹੈ। ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਜਾਇਦਾਦ ਦੀ ਪੈਮਾਇਸ਼ ਅਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਮਾਮਲਾ ਮੋਹਾਲੀ ਅਦਾਲਤ ਤੱਕ ਪਹੁੰਚ ਚੁੱਕਾ ਸੀ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਨੇ ਕਿਹਾ ਸੀ ਕਿ ਜਾਇਦਾਦ ਦੀ ਵੈਲਿਊਏਸ਼ਨ ਹੋ ਸਕਦੀ ਹੈ, ਪਰ ਜਾਂਚ ਜਾਂ ਰੇਡ ਨਹੀਂ ਹੋਵੇਗੀ। ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸਾਡਾ ਕੋਈ ਵਕੀਲ ਉੱਥੇ ਮੌਜੂਦ ਰਹੇਗਾ।

ਸਰਕਾਰੀ ਵਕੀਲ ਫੈਰੀ ਸੋਫਤ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਮਜੀਠੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ ਨਹੀਂ ਰੁਕੇਗੀ। ਛਾਪੇਮਾਰੀ ਮਜੀਠੀਆ ਦੇ ਵਕੀਲ ਦੀ ਹਾਜ਼ਰੀ 'ਚ ਕੀਤੀ ਜਾਵੇਗੀ, ਪਰ ਉਹ ਇਸ ਦੌਰਾਨ ਕਿਸੇ ਵੀ ਤਰੀਕੇ ਨਾਲ ਦਖਲ ਨਹੀਂ ਦੇ ਸਕੇਗਾ।