ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਦੇ ਹੱਕ ਵਿੱਚ ਜਲਾਲਾਬਾਦ ਦੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ ਰਾਜ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ ।


ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਪ੍ਰਾਪਤੀ ਜ਼ੀਰੋ ਹੈ ਅਤੇ ਇਸ ਜ਼ੀਰੋ ਪ੍ਰਾਪਤੀ ਨੂੰ ਲੁਕਾਉਣ ਲਈ ਕੈਪਟਨ ਅਮੀਰ ਉਮੀਦਵਾਰ ਭੇਜ ਰਿਹਾ ਹੈ ਤਾਂ ਜੋ ਵੋਟਰਾਂ ਨੂੰ ਪੈਸੇ ਨਾਲ ਖਰੀਦਿਆ ਜਾ ਸਕੇ।


ਮਜੀਠੀਆ ਨੇ ਕਿਹਾ ਕਿ ਅਮੀਰ ਉਮੀਦਵਾਰ ਨੂੰ ਵੇਖ ਕੇ ਜਲਾਲਾਬਾਦ ਦੇ ਲੋਕਾਂ ਨੇ ਨਾਅਰਾ ਦਿੱਤਾ ਹੈ ਕਿ ਨੋਟ ਅਮੀਰਾਂ ਦੇ ਅਤੇ ਵੋਟ ਗ਼ਰੀਬਾਂ ਦੀ ਅਤੇ ਜਲਾਲਾਬਾਦ ਹਲਕੇ ਦੇ ਲੋਕ 21 ਅਕਤੂਬਰ ਨੂੰ ਇਹ ਸੱਚ ਕਰ ਦਿਖਾ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੀ ਵਾਗਡੋਰ ਸੰਭਾਲੀ ਸੀ ਤਾਂ ਇੱਥੋਂ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਸੀ। ਪਿਛਲੇ ਸਮੇਂ ਦੌਰਾਨ ਬਾਦਲ ਸਾਹਿਬ ਨੇ ਜਲਾਲਾਬਾਦ ਹਲਕੇ ਵਿੱਚ ਹਰ ਤਰ੍ਹਾਂ ਦਾ ਵਿਕਾਸ ਮੁਹੱਈਆ ਕਰਵਾਇਆ ਹੈ ਅਤੇ ਹੁਣ ਸਾਡਾ ਅਗਲਾ ਨਿਸ਼ਾਨਾ ਇੱਥੇ ਕੋਈ ਵੱਡਾ ਪ੍ਰਾਜੈਕਟ ਲਗਾਉਣਾ ਹੈ ਤਾਂ ਜੋ ਬੇਰੁਜ਼ਗਾਰੀ ਖ਼ਤਮ ਹੋ ਸਕੇ।


ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿੱਚ ਜਿਨ੍ਹਾਂ ਲੋਕਾਂ ਨੇ ਕਾਂਗਰਸ ਵਰਕਰਾਂ ਦੀ ਬਾਂਹ ਫੜੀ, ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਬਾਹਰੋਂ ਉਮੀਦਵਾਰ ਲਿਆ ਕੇ ਕਾਂਗਰਸ ਨੇ ਨਾ ਸਿਰਫ ਉਨ੍ਹਾਂ ਨੁਮਾਇੰਦਿਆਂ ਨਾਲ ਧੋਖਾ ਕੀਤਾ ਬਲਕਿ ਜਲਾਲਾਬਾਦ ਦੀ ਜਨਤਾ ਨਾਲ ਵੀ ਧੋਖਾ ਕੀਤਾ ਹੈ। ਭਗਵੰਤ ਮਾਨ ਬਾਰੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਦੋਂ ਕੁਝ ਬੋਲਦਾ ਹੈ ਤਾਂ ਪਹਿਲਾਂ ਉਸ ਦਾ ਟੈਸਟ ਕਰ ਲਿਆ ਕਰੋ ਕਿ ਕਿਤੇ ਉਸ ਨੇ ਸ਼ਰਾਬ ਤਾ ਨਹੀਂ ਪੀਤੀ ਹੋਈ ਕਿਉਂਕਿ ਖਾਧੀ ਪੀਤੀ ਵਿੱਚ ਭਗਵੰਤ ਮਾਨ ਕੁਝ ਵੀ ਬੋਲ ਸਕਦਾ ਹੈ।