Pahalgam Attack: ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ 28 ਲੋਕਾਂ ਦੀ ਹੱਤਿਆ ਕਰ ਦਿੱਤੀ। ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 17 ਲੋਕ ਜ਼ਖਮੀ ਵੀ ਹੋਏ ਹਨ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਗ਼ੁੱਸੇ ਦੀ ਲਹਿਰ ਹੈ ਤੇ ਲੋਕ ਕੇਂਦਰ ਸਰਕਾਰ ਤੋਂ ਅੱਤਵਾਦੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਸ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਗਾਮ ਵਿੱਖੇ ਮਾਸੂਮ ਸੈਲਾਨੀਆਂ 'ਤੇ ਕੀਤੇ ਗਏ ਵਹਿਸ਼ੀ ਅਤੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਮੇਰੀ ਦਿਲੋਂ ਹਮਦਰਦੀ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।
ਮਜੀਠੀਆ ਨੇ ਕਿਹਾ ਕਿ ਜਦ ਅਮਰੀਕਾ ਦੇ ਉਪ-ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਹੋਣ ਉਸ ਸਮੇਂ ਅਜਿਹਾ ਹਮਲਾ ਬੇਹੱਦ ਨਿੰਦਣਯੋਗ ਹੈ। ਆਓ ਸਾਰੇ ਮੋਢੇ ਨਾਲ ਮੋਢਾ ਲਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਸਾਥ ਦਈਏ। ਅਰਦਾਸ ਕਰਦੇ ਹਾਂ ਦੇਸ਼ ਦੀ ਭਾਈਚਾਰਕ ਸਾਂਝ, ਅਮਨ ਸ਼ਾਂਤੀ ਬਹਾਲ ਰਹੇ।
ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਕਿਹਾ ਕਿ ਉਹ ਉਸ ਅਣਮਨੁੱਖੀ ਵਰਤਾਰੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ। ਪਾਕਿਸਤਾਨ ਤੇ ISI ਵੱਲੋਂ ਭੇਜੇ ਅੱਤਵਾਦੀਆਂ ਨੇ ਇਨਸਾਨੀਅਤ ਦਾ ਘਾਣ ਕੀਤਾ ਹੈ। ਇਸ ਮੌਕੇ ਮਜੀਠੀਆ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਦੇਖਿਆ ਹੈ ਇਹ ਉਨ੍ਹਾਂ ਲਈ ਸਭ ਤੋਂ ਮਾੜਾ ਸੁਪਨਾ ਹੈ। ਉਨ੍ਹਾਂ ਨੇ ਸਭ ਤੋਂ ਔਖੇ ਹਲਾਤਾਂ ਦਾ ਸਾਹਮਣਾ ਕੀਤਾ ਹੈ।
ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਇਸ ਦੀ ਸਭ ਤੋਂ ਵੱਡੀ ਮਾਰ ਜੰਮੂ ਕਸ਼ਮੀਰ ਦੇ ਆਰਥਿਕ ਹਲਾਤਾਂ ਉੱਤੇ ਪਵੇਗੀ। ਮਜੀਠੀਆ ਨੇ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ, ਦੇਸ਼ ਵਿੱਚ ਅਮਨ ਸ਼ਾਂਤੀ ਬਣੀ ਰਹੇ।