ਚੰਡੀਗੜ੍ਹ: ਸ਼ੁਕਰਵਾਰ ਨੂੰ ਚੰਡੀਗੜ੍ਹ 'ਚ ਵਾਪਰੇ ਹਾਦਸੇ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ  ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਸਕੂਲਾਂ 'ਚ ਲੱਗੇ ਸਿਉਂਕ ਲੱਗੇ ਅਤੇ ਸੁੱਕ ਚੁੱਕੇ ਰੁੱਖਾਂ ਨੂੰ ਕੱਟਣ ਦੇ ਆਦੇਸ਼ ਦਿੱਤੇ ਗਏ ਹਨ। 


ਆਦੇਸ਼ ਮੁਤਾਬਿਕ ਪੰਜਾਬ ਰਾਜ 'ਚ ਸਕੂਲਾਂ 'ਚ ਇਮਾਰਤ ਦੇ ਨੇੜੇ ਅਤੇ ਗਰਾਊਂਡ 'ਤੇ ਬਹੁਤ ਸਾਰੇ ਰੁੱਖ ਲਗੇ ਹਨ ਅਤੇ ਬਹੁਤ ਸਾਰੇ ਸਕੂਲਾਂ 'ਚ ਵਿਦਿਆਰਥੀ ਲੰਚ ਟਾਈਮ ਜਾਂ ਖੇਡਾਂ ਦੇ ਪੀਰੀਅਡ ਦੌਰਾਨ ਰੁੱਖਾਂ ਹੇਠ ਬੈਠਦੇ ਹਨ।ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ 'ਚ ਲਗੇ ਅਜਿਹੇ ਰੁੱਖਾਂ ਦੀ ਜਾਣਕਾਰੀ ਇਕੱਠਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਰੁੱਖਾਂ ਨੂੰ ਕਟਵਾਇਆ ਜਾ ਸਕੇ।




ਦੱਸ ਦੇਈਏ ਕਿ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਸ਼ੁਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਸਵੇਰੇ ਇੱਕ ਵੱਡਾ ਦਰੱਖਤ ਡਿੱਗ ਪਿਆ। ਦਰੱਖਤ ਡਿੱਗਣ ਨਾਲ ਕਈ ਬੱਚੇ ਜ਼ਖਮੀ ਹੋ ਗਏ।ਇਸ ਦੌਰਾਨ ਇਕ ਬੱਚੇ ਨੇ ਦਮ ਵੀ ਤੋੜ ਦਿੱਤਾ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ।


ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਸਨ। ਫਿਰ ਅਚਾਨਕ ਦਰੱਖਤ ਬੱਚਿਆਂ 'ਤੇ ਡਿੱਗ ਪਿਆ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ਅਤੇ PGI ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ।


ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ। ਮਾਪੇ ਗੇਟ 'ਤੇ ਹੰਗਾਮਾ ਕਰ ਰਹੇ ਹਨ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 1 ਜੁਲਾਈ ਤੋਂ ਸਕੂਲ ਫਿਰ ਤੋਂ ਸ਼ੁਰੂ ਹੋਏ ਹਨ।