Punjab Police: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਨਾਮੀ ਨਸ਼ਾ ਤਸਕਰ ਮਲਕੀਅਤ ਸਿੰਘ ਉਰਫ਼ ਕਾਲੀ ਵੱਲੋਂ ਆਪਣੇ ਪਿੰਡ ਟੇਂਡੀ ਵਾਲਾ ਵਿਖੇ ਦੱਸੇ ਦੋ ਟਿਕਾਣਿਆਂ (ਹਰੇਕ ਟਿਕਾਣੇ ਤੋਂ 6-6 ਕਿਲੋ) ਤੋਂ 12 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਫ਼ਲਤਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰ ਮਲਕੀਅਤ ਕਾਲੀ ਨੂੰ 9 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਦਿਨ ਬਾਅਦ ਮਿਲੀ ਹੈ। ਦੱਸਣਯੋਗ ਹੈ ਕਿ ਸਿਰਫ਼ 48 ਘੰਟਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 21 ਕਿਲੋ ਹੋ ਗਈ ਹੈ।
ਇਹ ਬਰਾਮਦਗੀ 50 ਕਿਲੋਗ੍ਰਾਮ ਹੈਰੋਇਨ ਦੀ ਖੇਪ, ਜੋ ਨਸ਼ਾ ਤਸਕਰ ਮਲਕੀਅਤ ਕਾਲੀ ਦੇ ਇਸ਼ਾਰੇ 'ਤੇ ਤਿੰਨ ਤੈਰਾਕਾਂ ਦੁਆਰਾ ਪਾਕਿਸਤਾਨ ਤੋਂ ਲਿਆਂਦੀ ਗਈ ਸੀ, ਦਾ ਹੀ ਹਿੱਸਾ ਹੈ। ਪੁਲਿਸ ਟੀਮਾਂ ਨੇ ਇੱਕ ਤੈਰਾਕ ਜੋਗਾ ਸਿੰਘ ਸਮੇਤ ਘੱਟੋ-ਘੱਟ 5 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਹੁਣ ਤੱਕ 43.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਬਾਕੀ ਦੋ ਤੈਰਾਕਾਂ ਗੁਰਦੀਪ ਸਿੰਘ ਉਰਫ਼ ਰੰਗੀ ਅਤੇ ਗੁਰਵਿੰਦਰ ਸਿੰਘ ਉਰਫ਼ ਮਸਤੰਗੀ ਦੋਵੇਂ ਵਾਸੀ ਪਿੰਡ ਟੇਂਡੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਮਲਕੀਅਤ ਕਾਲੀ ਨੇ ਖੁਲਾਸਾ ਕੀਤਾ ਕਿ ਸੌਦੇ ਅਨੁਸਾਰ ਖੇਪ ਵੇਚਣ ਤੋਂ ਬਾਅਦ ਇਨ੍ਹਾਂ ਤੈਰਾਕਾਂ ਨੂੰ 1 ਕਰੋੜ ਰੁਪਏ (2 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ) ਦਿੱਤੇ ਕੀਤੇ ਜਾਣੇ ਸਨ, ਜਦਕਿ ਪਾਕਿ-ਅਧਾਰਤ ਹੈਦਰ ਅਲੀ ਨੂੰ ਹਵਾਲਾ ਜ਼ਰੀਏ 5 ਕਰੋੜ ਰੁਪਏ (10 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ) ਭੇਜੇ ਜਾਣੇ ਸਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਤਕਰੀਬਨ 6.5 ਕਿਲੋ ਹੈਰੋਇਨ ਮੁਲਜ਼ਮ ਰੰਗੀ ਅਤੇ ਮਸਤੰਗੀ ਕੋਲ ਹੈ ਅਤੇ ਪੁਲਿਸ ਟੀਮਾਂ ਦੋਵਾਂ ਭਗੌੜੇ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।ਇਸ ਸਬੰਧੀ ਥਾਣਾ ਗੁਰਾਇਆ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21ਸੀ ਤਹਿਤ ਐਫ.ਆਈ.ਆਰ. ਨੰਬਰ 123 ਮਿਤੀ 07/09/2023 ਪਹਿਲਾਂ ਹੀ ਦਰਜ ਹੈ।