Punjab Police: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਪੁਲਿਸ ਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਹੈ। ਅੱਤਵਾਦੀ ਨੇ ਪੁਲਿਸ 'ਤੇ ਲੁਕਵੇਂ ਹਥਿਆਰ ਨਾਲ ਹਮਲਾ ਕੀਤਾ, ਜਵਾਬੀ ਕਾਰਵਾਈ ਵਿੱਚ ਇੱਕ ਅੱਤਵਾਦੀ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਰਅਸਲ, ਸ਼ਨੀਵਾਰ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਬੀਕੇਆਈ ਨੈੱਟਵਰਕ ਨਾਲ ਜੁੜੇ ਇੱਕ ਖਤਰਨਾਕ ਮਾਡਿਊਲ ਦਾ ਪਰਦਾਫਾਸ਼ ਕੀਤਾ।
ਪੁਲਿਸ ਨੇ ਕਰਨਪ੍ਰੀਤ ਸਿੰਘ ਨਿਵਾਸੀ ਵੇਰੋਵਾਲ ਜ਼ਿਲ੍ਹਾ ਤਰਨਤਾਰਨ ਤੇ ਗੁਰਲਾਲ ਸਿੰਘ ਉਰਫ ਹਰਮਨ ਨਿਵਾਸੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ, ਜੋ ਕਿ ਬੱਬਰ ਖਾਲਸਾ ਦੇ ਸਰਗਰਮ ਮੈਂਬਰ ਜੀਵਨ ਫੌਜੀ ਦੁਆਰਾ ਚਲਾਏ ਜਾ ਰਹੇ ਅੱਤਵਾਦੀ ਅਤੇ ਫਿਰੌਤੀ ਮਾਡਿਊਲ ਦੇ ਦੋ ਦੋਸ਼ੀ ਹਨ।
ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜੀਵਨ ਫੌਜੀ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ .30 ਬੋਰ ਦਾ ਪਿਸਤੌਲ ਮੁਹੱਈਆ ਕਰਵਾਇਆ ਸੀ। ਹਾਲ ਹੀ ਵਿੱਚ ਦੋਵਾਂ ਨੇ ਇਸ ਪਿਸਤੌਲ ਨਾਲ ਅੰਮ੍ਰਿਤਸਰ ਵਿੱਚ ਇੱਕ ਫਰਨੀਚਰ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ ਕੈਨੇਡਾ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਤੋਂ ਫਿਰੌਤੀ ਵਸੂਲਣ ਦੀ ਸਾਜ਼ਿਸ਼ ਰਚੀ ਸੀ।
ਗ੍ਰਿਫ਼ਤਾਰ ਮੁਲਜ਼ਮ ਗੁਰਲਾਲ ਸਿੰਘ ਉਰਫ਼ ਹਰਮਨ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ, ਪੁਲਿਸ ਉਸਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਇਸ ਦੌਰਾਨ, ਮੁਲਜ਼ਮ ਨੇ ਹਥਿਆਰ ਬਰਾਮਦ ਕਰਨ ਦੇ ਬਹਾਨੇ ਪਿਸਤੌਲ ਚੁੱਕਿਆ ਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਗੁਰਲਾਲ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ। ਜ਼ਖਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਪੁਸ਼ਟੀ ਕਰਦੇ ਹੋਏ ਡੀਜੀਪੀ ਪੰਜਾਬ ਨੇ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ। ਪੂਰੇ ਨੈੱਟਵਰਕ ਦੀ ਜੜ੍ਹ ਤੱਕ ਪਹੁੰਚਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਅਤੇ ਖੁਫੀਆ ਏਜੰਸੀਆਂ ਜੀਵਨ ਫੌਜੀ ਦੇ ਅੰਤਰਰਾਸ਼ਟਰੀ ਸੰਪਰਕਾਂ ਦੀ ਵੀ ਜਾਂਚ ਕਰ ਰਹੀਆਂ ਹਨ।
ਡੀਜੀਪੀ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਅੱਤਵਾਦ, ਗੈਂਗਸਟਰਾਂ ਅਤੇ ਫਿਰੌਤੀ ਦੇ ਨੈੱਟਵਰਕਾਂ ਲਈ ਕੋਈ ਥਾਂ ਨਹੀਂ ਹੈ। ਪੰਜਾਬ ਵਿੱਚ ਅੱਤਵਾਦ ਨੂੰ ਜੜ੍ਹੋਂ ਪੁੱਟਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਰ ਪੱਧਰ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।