ਪਿਛਲੇ ਸਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਸਬਕ ਲੈਂਦਿਆਂ ਜਲ ਸਰੋਤ ਵਿਭਾਗ ਨੇ ਇਸ ਵਾਰ ਮਾਨਸੂਨ ਤੋਂ ਪਹਿਲਾਂ ਹੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਹੜ੍ਹਾਂ ਦੇ ਖਤਰੇ ਤੋਂ ਬਚਾਉਣ ਲਈ ਧਰਮਕੋਟ ਘੋਨੇਵਾਲ ਕੰਪਲੈਕਸ ਵਿਖੇ ਰਾਵੀ ਦਰਿਆ ਵਿੱਚ ਵੱਡੇ ਪੱਧਰ 'ਤੇ ਡੀ-ਸਿਲਟਿੰਗ (ਗਾਰਾ ਹਟਾਉਣ) ਦਾ ਕੰਮ ਜਾਰੀ ਹੈ।

Continues below advertisement

ਵਿਭਾਗ ਦਾ ਮੰਨਣਾ ਹੈ ਕਿ ਇਸ ਪ੍ਰੋਜੈਕਟ ਨਾਲ ਦਰਿਆ ਦੀ ਪਾਣੀ ਲੰਘਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਘੱਟ ਕੀਤਾ ਜਾ ਸਕੇਗਾ।

ਗਾਰੇ ਅਤੇ ਮਲਬੇ ਕਾਰਨ ਘਟੀ ਸੀ ਦਰਿਆ ਦੀ ਸਮਰੱਥਾ

Continues below advertisement

ਅਧਿਕਾਰੀਆਂ ਅਨੁਸਾਰ, ਰਾਵੀ ਦਰਿਆ ਵਿੱਚ ਸਾਲਾਂ ਤੋਂ ਜਮ੍ਹਾਂ ਹੋ ਰਹੇ ਗਾਰੇ (ਸਿਲਟ) ਅਤੇ ਮਲਬੇ ਕਾਰਨ ਇਸ ਦਾ ਕੁਦਰਤੀ ਵਹਾਅ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਪਾਣੀ ਲੰਘਣ ਦੀ ਸਮਰੱਥਾ ਕਾਫ਼ੀ ਘੱਟ ਗਈ ਸੀ। ਡੀ-ਸਿਲਟਿੰਗ ਰਾਹੀਂ ਦਰਿਆ ਦੇ ਅਸਲ ਵਹਾਅ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮਾਨਸੂਨ ਦੌਰਾਨ ਵੱਧ ਪਾਣੀ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕੇ।  ਇਹ ਪ੍ਰੋਜੈਕਟ ਸੇਡੀਮੈਂਟ ਮੈਨੇਜਮੈਂਟ ਫਰੇਮਵਰਕ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸੰਯੁਕਤ ਸਟੇਟ ਟੈਕਨੀਕਲ ਐਡਵਾਈਜ਼ਰੀ ਕਮੇਟੀ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ।

ਡਿਜੀਟਲ ਨਿਗਰਾਨੀ ਹੇਠ ਚੱਲ ਰਿਹਾ ਕੰਮ

ਜਲ ਸਰੋਤ ਵਿਭਾਗ ਨੇ ਦੱਸਿਆ ਕਿ ਡੀ-ਸਿਲਟਿੰਗ ਦੀ ਪੂਰੀ ਪ੍ਰਕਿਰਿਆ ਡਿਜੀਟਲ ਜੀਓ-ਫੈਂਸਿੰਗ ਅਤੇ ਲਗਾਤਾਰ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਦਰਿਆ ਵਿੱਚੋਂ ਕੱਢੇ ਗਏ ਗਾਰੇ ਅਤੇ ਮਲਬੇ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਸਮੱਗਰੀ ਦੀ ਵਰਤੋਂ ਭਵਿੱਖ ਵਿੱਚ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ, ਰੇਤ ਦੀਆਂ ਬੋਰੀਆਂ ਭਰਨ ਅਤੇ ਹੜ੍ਹ ਦੌਰਾਨ ਐਮਰਜੈਂਸੀ ਸੁਰੱਖਿਆ ਪ੍ਰਬੰਧਾਂ ਲਈ ਕੀਤੀ ਜਾਵੇਗੀ।

ਮਾਨਸੂਨ ਤੋਂ ਪਹਿਲਾਂ ਕੰਮ ਮੁਕੰਮਲ ਕਰਨ ਦਾ ਟੀਚਾ

ਵਿਭਾਗ ਨੇ ਕਿਹਾ ਕਿ ਮਾਨਸੂਨ ਦੇ ਸਿਖਰਲੇ ਦੌਰ ਤੋਂ ਪਹਿਲਾਂ ਰਾਵੀ ਦਰਿਆ ਦੇ ਕੁਦਰਤੀ ਵਹਾਅ ਨੂੰ ਬਹਾਲ ਕਰਨ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਰਹਿੰਦੇ ਲੋਕਾਂ ਦੀ ਜਾਨ-ਮਾਲ, ਖੇਤੀਬਾੜੀ ਜ਼ਮੀਨਾਂ ਅਤੇ ਰੋਜ਼ੀ-ਰੋਟੀ ਨੂੰ ਹੜ੍ਹਾਂ ਦੇ ਸੰਭਾਵਿਤ ਖਤਰੇ ਤੋਂ ਸੁਰੱਖਿਅਤ ਰੱਖਣਾ ਹੈ।