ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਅਹੁਦਾ ਸੰਭਾਲਦਿਆਂ ਹੀ ਪੁਲਿਸ ਤੇ ਪ੍ਰਸਾਸ਼ਨ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਚਰਚਾ ਹੈ ਕਿ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਛੁੱਟੀ ਹੋ ਸਕਦੀ ਹੈ। ਉਨ੍ਹਾਂ ਦੀ ਥਾਂ ਨਵਾਂ ਡੀਜੀਪੀ ਲਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਨਵੇਂ ਡੀਜੀਪੀ ਦੀ ਦੌੜ ਵਿੱਚ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਵੀਕੇ ਭਾਵਰਾ ਤੇ 1988 ਬੈਚ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਾਂ ਸਿਖਰ ’ਤੇ ਹਨ।


ਦੱਸ ਦਈਏ ਕਿ ਇਨ੍ਹਾਂ ਸਾਰੇ ਅਧਿਕਾਰੀਆਂ ਦੀ ਛੇ ਮਹੀਨੇ ਤੋਂ ਵੱਧ ਦੀਆਂ ਸੇਵਾਵਾਂ ਬਾਕੀ ਹਨ, ਜੋ ਉਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਲਈ ਯੋਗ ਬਣਾਉਂਦੀ ਹੈ। ਸੂਤਰਾਂ ਮੁਤਾਬਕ ਚਟੋਪਾਧਿਆਏ ਦੀ ਸੱਤਾ ’ਤੇ ਕਾਬਜ਼ ਕਾਂਗਰਸ ਦੇ ਨਵੇਂ ਸਿਆਸੀ ਗਰੁੱਪ ਨਾਲ ਨੇੜਤਾ ਹੈ, ਪਰ ਸਹੋਤਾ ਵੀ ਮਜ਼ਬੂਤ ਦਾਅਵੇਦਾਰ ਹਨ, ਕਿਉਂਕਿ ਇਸੇ ਨਵੇਂ ਗਰੁੱਪ ਵਿੱਚ ਉਨ੍ਹਾਂ ਦਾ ਕੋਈ ਵਿਰੋਧ ਨਹੀਂ।


ਪੁਲਿਸ ਅਧਿਕਾਰੀ ਭਾਵਰਾ ਤੇ ਰੋਹਿਤ ਚੌਧਰੀ ਜਿਨ੍ਹਾਂ ਦੀ ਕ੍ਰਮਵਾਰ ਨੌਂ ਤੇ ਸੱਤ ਮਹੀਨਿਆਂ ਦੀਆਂ ਸੇਵਾਵਾਂ ਬਾਕੀ ਹਨ, ਡੀਜੀਪੀ ਲਈ ਆਖਰੀ ਚੋਣ ਹੋ ਸਕਦੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਡੀਜੀਪੀ ਦੀ ਨਿਯੁਕਤੀ ਲਈ ਅਮਲੀ ਤੇ ਕਾਨੂੰਨੀ ਅੜਿੱਕਿਆਂ ਤੋਂ ਇਲਾਵਾ ਯੂਪੀਐਸਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ।


ਦੱਸ ਦਈਏ ਕਿ ਚੰਨੀ ਨੇ ਅਹੁਦਾ ਸੰਭਾਲਦੇ ਹੀ ਸੀਨੀਅਰ ਆਈਏਐਸ ਅਧਿਕਾਰੀ ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਲਾਲ 1995 ਬੈਚ ਦੇ ਆਈਏਐਸ ਅਧਿਕਾਰੀ ਹਨ ਤੇ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ, ਇੰਡਸਟਰੀਜ਼ ਤੇ ਕਮਰਸ ਅਤੇ ਸੂਚਨਾ ਤਕਨਾਲੋਜੀ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਦਾ ਚਾਰਜ ਸੀ।


ਇਸ ਦੌਰਾਨ ਇਕ ਹੋਰ ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਤਿਵਾੜੀ, ਜੋ 2000 ਬੈਚ ਦੇ ਅਧਿਕਾਰੀ ਹਨ, ਗੁਰਕੀਰਤ ਕ੍ਰਿਪਾਲ ਸਿੰਘ ਦੀ ਥਾਂ ਲੈਣਗੇ। ਤਿਵਾੜੀ ਕੋਲ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ਼, ਐਂਪਲਾਇਮੈਂਟ ਜੈਨਰੇਸ਼ਨ ਤੇ ਟਰੇਨਿੰਗ ’ਚ ਸਕੱਤਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮਿਸ਼ਨ ਡਾਇਰੈਕਟਰ, ਐਂਟੀ ਡਰੱਗ ਕੰਪੇਨ ਦੇ ਨੋਡਲ ਅਧਿਕਾਰੀ ਤੇ ਗ੍ਰਹਿ ਮਾਮਲਿਆਂ ਵਿਭਾਗ ’ਚ ਸਕੱਤਰ ਦਾ ਚਾਰਜ ਸੀ।


ਇਹ ਵੀ ਪੜ੍ਹੋ: ਜਲਾਲਾਬਾਦ ਧਮਾਕੇ 'ਚ ਵੱਡੀ ਕਾਮਯਾਬੀ, ਸਾਜ਼ਿਸ਼ ਦੇ ਦੋਸ਼ 'ਚ ਜੀਜਾ ਤੇ ਸਾਲਾ ਗ੍ਰਿਫਤਾਰ, ਸੁਰੱਖਿਆ ਏਜੰਸੀਆਂ ਨੂੰ ਮਿਲੇ ਦੋ ਟਿਫਿਨ ਬੰਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904