Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿਚ ਸਿੱਖਾਂ ਵਾਸਤੇ ਹੈਲਮਟ ਲਾਜ਼ਮੀ ਬਣਾਉਣ ਦੇ ਕਦਮ ਨੂੰ ਲਾਗੂ ਹੋਣ ਤੋਂ ਰੋਕਣ ਲਈ ਆਪ ਨਿੱਜੀ ਤੌਰ ’ਤੇ ਮਾਮਲੇ ਵਿਚ ਦਖਲ ਦੇਣ।
ਇਸ ਕਦਮ ਨੂੰ ਭੜਕਾਊ, ਕਠੋਰ ਅਤੇ ਅਸੰਵੇਦਨਸ਼ੀਲ ਕਰਾਰ ਦਿੰਦਿਆਂ ਬਾਦਲ ਨੇ ਕਿਹਾ ਕਿ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਤੇ ਇਹ ਉੱਕਾ ਹੀ ਬੇਤੁਕਾ ਫੈਸਲਾ ਹੈ ਕਿਉਂਕਿ ਸਿੱਖ ਫੌਜੀ ਹਮੇਸ਼ਾ ਦੇਸ਼ ਦੀ ਰਾਖੀ ਵਾਸਤੇ ਮੋਹਰੀ ਰਹੇ ਹਨ ਅਤੇ ਬੀਤੇ ਸਮੇਂ ਵਿਚ ਉਹਨਾਂ ਨੂੰ ਕਦੇ ਵੀ ਹੈਲਮਟ ਦੀ ਲੋੜ ਮਹਿਸੂਸ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਅਖਬਾਰੀ ਰਿਪੋਰਟਾਂ ਮੁਤਾਬਕ ਵੱਖ-ਵੱਖ ਸਰੋਤਾਂ ਤੋਂ ਮਿਲ ਰਹੀਆਂ ਖਬਰਾਂ ਜੇਕਰ ਸਹੀ ਹਨ ਤਾਂ ਅਸੀਂ ਹੈਰਾਨ ਹਾਂ ਕਿ ਸਰਕਾਰ ਸਿੱਖ ਸਿਧਾਂਤਾਂ ਤੇ ਰਹਿਤ ਮਰਿਆਦਾ ਪ੍ਰਤੀ ਇੰਨੀ ਬੇਪਰਵਾਹ ਤੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੀ ਹੈ ਕਿਉਂਕਿ ਇਹ ਭਾਵਨਾਵਾਂ ਨਾਲ ਜੁੜਿਆ ਗੰਭੀਰ ਧਾਰਮਿਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਨਾਲ ਜੁੜੇ ਮਾਮਲੇ ਵਿਚ ਕਿਸੇ ਨੂੰ ਵੀ ਦਖਲ ਦੇਣ ਦਾ ਹੱਕ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਸ ਸਭ ਦਾ ਜ਼ਿਕਰ ਕੀਤਾ।
ਉਨਾਂ ਆਸ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਮਾਮਲੇ ਨੂੰ ਵੇਖਣਗੇ ਅਤੇ ਲੋੜੀਂਦੇ ਹੁਕਮ ਜਾਰੀ ਕਰਨਗੇ ਤਾਂ ਜੋ ਇਸ ਤਜਵੀਜ਼ ਨੂੰ ਤੁਰੰਤ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਬਾਰੇ ਅੰਗਰੇਜ਼ਾਂ ਨੇ ਵੀ ਕਦੇ ਅਜਿਹਾ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸਿੱਖਾਂ ਨੇ 1948, 1962, 1965 ਅਤੇ 1971 ਦੀਆਂ ਜੰਗਾਂ ਵਿਚ ਮੋਹਰੀ ਹੋ ਕੇ ਡਟਵੀਂ ਲੜਾਈ ਲੜੀ ਕਿਉਂਕਿ ਇਹ ਦੇਸ਼ਭਗਤ ਲੋਕ ਹਨ।
ਉਨ੍ਹਾਂ ਕਿਹਾ ਕਿ ਕਾਰਗਿਲ ਸਮੇਤ ਹੋਰ ਫੌਜੀ ਮੁਹਿੰਮਾਂ ਵਿੱਚ ਵੀ ਇਹ ਹਮੇਸ਼ਾ ਮੋਹਰੀ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹ ਮਾਮਲਾ ਅਚਨਚੇਤ ਕਿਵੇਂ ਸਾਹਮਣੇ ਆ ਗਿਆ ਜਦੋਂ ਕਿ ਕਿਸੇ ਵੀ ਸਿੱਖ ਨੂੰ ਹੈਲਮਟ ਦੀ ਕੋਈ ਜ਼ਰੂਰਤ ਨਹੀਂ ਪਈ ? ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਮਾਮਲੇ ਵਿਚ ਮਿਲ ਰਹੀਆਂ ਰਿਪੋਰਟਾਂ ਸੱਚੀਆਂ ਨਹੀਂ ਹੋਣਗੀਆਂ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਬਾਦਲ ਨੇ ਮੋਦੀ ਦਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਗਟਾਈ ਗੰਭੀਰ ਚਿੰਤਾ ਵੱਲ ਦੁਆਇਆ ਅਤੇ ਦੱਸਿਆ ਕਿ ਰੱਖਿਆ ਮੰਤਰਾਲੇ ਦੇ ਇਸ ਕਦਮ ਤੋਂ ਉਹ ਕਿੰਨੇ ਚਿੰਤਤ ਹਨ।
ਬਾਦਲ ਮੀਡੀਆ ਵਿਚ ਆਈਆਂ ਰਿਪੋਰਟਾਂ ਦਾ ਹਵਾਲਾ ਦੇ ਰਹੇ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਰੱਖਿਆ ਮੰਤਰਾਲੇ ਨੇ ਪਹਿਲਾਂ ਹੀ ਸਿੱਖ ਫੌਜੀਆਂ ਲਈ ਵਿਸ਼ੇਸ਼ ਤੌਰ ’ਤੇ ਬਣਾਈਆਂ 1.59 ਲੱਖ ਹੈਲਮਟਾਂ ਖਰੀਦ ਲਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਦਸਤਾਰਾਂ ਦੇ ਉਪਰ ਕੁਝ ਵੀ ਸਜਾਉਣ ਦੀ ਮਨਾਹੀ ਕਰਦੀ ਹੈ ਤੇ ਦੋ ਵਿਸ਼ਵ ਜੰਗਾਂ ਸਮੇਤ ਸਾਰੀਆਂ ਲੜਾਈਆਂ ਵਿਚ ਸਿੱਖਾਂ ਨੂੰ ਨਾ ਕਦੇ ਦਸਤਾਰ ਉਪਰ ਅਜਿਹੀਆਂ ਹੈਲਮਟਾਂ ਪਾਉਣ ਲਈ ਮਜਬੂਰ ਕੀਤਾ ਗਿਆ ਤੇ ਨਾ ਹੀ ਉਹਨਾਂ ਅਜਿਹੀਆਂ ਕੋਈ ਹੈਲਮਟਾਂ ਪਾਈਆਂ ਹੀ ਹਨ।