ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਕਦਮ ਚੁੱਕਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਲੇਰਕੋਟਲਾ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ 734.98 ਲੱਖ ਰੁਪਏ ਖਰਚੇ ਜਾਣਗੇ। ਵਿਭਾਗ ਨੇ ਇਨ੍ਹਾਂ ਕੰਮਾਂ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Suicide Note 'ਤੇ ਨਾਂਅ ਲਿਖਿਆ ਹੋਣਾ ਦੋਸ਼ੀ ਸਾਬਤ ਕਾਰਨ ਲਈ ਨਾਕਾਫ਼ੀ-HC


ਵਧੇਰੇ ਜਾਣਕਾਰੀ ਦਿੰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵੱਖ-ਵੱਖ ਕੰਮਾਂ ਲਈ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਮਲੇਰਕੋਟਲਾ ਦੇ ਵਿਕਾਸ, ਸਫਾਈ ਅਤੇ ਰੱਖ-ਰਖਾਅ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਆਮ ਮੁਰੰਮਤ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਗਲੀਆਂ ਵਿੱਚ ਟਾਈਲਾਂ ਲਗਾਉਣ, ਇੰਟਰਲਾਕਿੰਗ ਅਤੇ ਮਿੱਟੀ ਭਰਨ ਦਾ ਕੰਮ ਕੀਤਾ ਜਾਵੇਗਾ।


ਇਸੇ ਤਰ੍ਹਾਂ ਸੱਤਾ ਚੌਕ ਤੋਂ ਕੇਲੋਂ ਗੇਟ ਮਲੇਰਕੋਟਲਾ ਤੱਕ ਦਾ ਸੁੰਦਰੀਕਰਨ, ਸੀਸੀ ਫਲੋਰਿੰਗ, ਸ਼ਹਿਰ ਵਿੱਚ ਵਾਟਰ ਸਪਲਾਈ ਲਾਈਨ ਦੀ ਮੁਰੰਮਤ ਅਤੇ ਰੱਖ-ਰਖਾਅ, ਟ੍ਰੀ ਗਾਰਡ ਲਗਾਉਣ ਦਾ ਕੰਮ ਵੀ ਨੇਪਰੇ ਚਾੜ੍ਹਿਆ ਜਾਵੇਗਾ।


ਡਾ. ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕਰਨ।


ਦਿਵਿਆਂਗ ਵਿਦਿਆਰਥੀ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ: ਬੈਂਸ


ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਦਿਵਿਆਂਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ।


ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਮੁੱਖ ਤਰਜ਼ੀਹ ਦਿੱਤੀ ਹੈ ਅਤੇ ਉਹ ਚਾਹੁੰਦੇ ਹਨ ਸੂਬੇ ਦਾ ਕੋਈ ਵੀ ਬੱਚਾ ਮਿਆਰੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਾ ਰਹੇ।


ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਲਈ ਰਜਿਸਟ੍ਰੇਸ਼ਨ ਦਾ ਕੰਮ 20 ਜੁਲਾਈ 2022 ਤੋਂ ਸ਼ੁਰੂ ਹੋ ਚੁੱਕਾ ਹੈ।