Punjab News : ਮੁਖਤਾਰ ਅੰਸਾਰੀ ਮਾਮਲੇ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਕੈਪਟਨ ਮੁਖਤਾਰ ਅੰਸਾਰੀ ਨੂੰ ਜਾਣਦੇ ਹੀ ਨਹੀਂ ਤਾਂ ਉਸ ਨੂੰ 2 ਸਾਲ ਤੱਕ ਪੰਜਾਬ ਵਿੱਚ ਪਨਾਹ ਕਿਉਂ ਦਿੱਤੀ ਗਈ ?

ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਮਲਵਿੰਦਰ ਕੰਗ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਜਦੋਂ ਕੈਪਟਨ ਦਾ ਮੁਖਤਾਰ ਅੰਸਾਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ ਸੀ ਤਾਂ ਉਨ੍ਹਾਂ ਦੀ ਸਰਕਾਰ (ਕਾਂਗਰਸ ਸਰਕਾਰ) ਦੇ ਦੌਰਾਨ ਉਸ ਦੇ ਬੱਚੇ ਨੂੰ ਵਕਫ਼ ਬੋਰਡ ਦੀ ਜ਼ਮੀਨ ਕਿਵੇਂ ਦੇ ਦਿੱਤੀ ਗਈ? ਕੈਪਟਨ ਇਸ ਸਵਾਲ ਦਾ ਵੀ ਜਵਾਬ ਦੇਣ ਕਿ ਮੁਖਤਾਰ ਅੰਸਾਰੀ ਲਈ ਸਰਕਾਰੀ ਖ਼ਰਚ ਉੱਤੇ ਕੋਰਟ ਵਿੱਚ ਮਹਿੰਗੇ ਤੋਂ ਮਹਿੰਗਾ ਵਕੀਲ ਕਿਉਂ ਕੀਤਾ ਗਿਆ?  

ਕੰਗ ਨੇ ਦੋਸ਼ ਲਗਾਉਂਦੇ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਵਿਚ ਪਨਾਹ ਦੇਣ ਲਈ ਜਾਣਬੁੱਝ ਕੇ ਇੱਕ ਮਾਮੂਲੀ ਜਿਹੇ ਕੇਸ ਵਿੱਚ ਫਸਾ ਕੇ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਂਦਾ ਗਿਆ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਈ ਵਾਰ ਮੁਖਤਾਰ ਅੰਸਾਰੀ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ, ਪਰੰਤੂ ਕੈਪਟਨ ਸਰਕਾਰ ਨੇ ਅੰਸਾਰੀ ਦੇ ਮਾਮਲੇ ਨੂੰ ਜਾਣ-ਬੁੱਝ ਕੇ ਲਟਕਾ ਕੇ ਰੱਖਿਆ ਅਤੇ ਵਾਪਸ ਉੱਤਰ ਪ੍ਰਦੇਸ਼ ਭੇਜਣ ਵਿਚ ਟਾਲ-ਮਟੋਲ ਕਰਦੀ ਰਹੀ। ਕੰਗ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਉਸ ਸਮੇਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਫਾਈਵ ਸਟਾਰ ਵਰਗੀਆਂ ਸਹੂਲਤਾਂ ਉਪਲਬਧ ਕਰਵਾ ਦਿੱਤੀਆਂ ਗਈਆਂ।

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਕਿਸੀ ਵੀ ਕੀਮਤ ਉੱਤੇ ਨਹੀਂ ਬਖਸ਼ਣਗੇ। ਸਾਰੇ ਹੀ ਦੋਸ਼ੀਆਂ ਉੱਤੇ ਮਾਨ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ ਅਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਮੁਖਤਾਰ ਅੰਸਾਰੀ  ਉੱਤੇ ਖ਼ਰਚ ਕੀਤਾ ਇਕ-ਇਕ ਪੈਸਾ ਵਸੂਲ ਕੀਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।